ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਵਾਰ ਮੁੜ ਚਰਚਾ ਵਿੱਚ ਹਨ। ਇਸ ਚਰਚਾ ਦਾ ਕਾਰਨ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਵਿੱਚ ਤਿੰਨ ਰੋਜ਼ਾ ‘ਗੁਰੂ ਮਾਨਿਓਂ ਗ੍ਰੰਥ ਚੇਤਨਾ ਸਮਾਗਮ’ ਹੈ। ਕੁਝ ਗਰਮਖਿਆਲੀ ਸਿੱਖ ਜਥੇਬੰਦੀਆਂ ਵੱਲੋਂ ਇਸ ਸਮਾਗਮ ਦਾ ਵਿਰੋਧ ਕਰਨ ਮਗਰੋਂ ਤਣਾਅ ਵਾਲਾ ਮਾਹੌਲ ਬਣ ਗਿਆ ਸੀ ਪਰ ਢੱਡਰੀਆਂ ਵਾਲੇ ਨੇ ਇਹ ਸਮਾਗਮ ਰੱਦ ਕਰ ਦਿੱਤਾ ਹੈ। ਇਨ੍ਹਾਂ ਸਮਾਗਮਾਂ ਲਈ ਪ੍ਰਬੰਧ ਕਰਨ ਵਾਲੀ ਸੰਸਥਾ ਗੁਰਦੁਆਰਾ ਪਰਮੇਸ਼ਵਰ ਦਵਾਰ ਗੁਰਮਤਿ ਪ੍ਰਚਾਰ ਸੇਵਾ ਦਲ, ਚੋਹਲਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਸਮਾਗਮ ਰੱਦ ਕਰਨ ਲਈ ਮਜਬੂਰ ਕਰਨ ਪਿੱਛੇ ਖ਼ਾਲਿਸਤਾਨੀ ਜਥੇਬੰਦੀਆਂ ਦੇ ਨਾਲ-ਨਾਲ ਅਕਾਲ ਤਖ਼ਤ ਦੇ ਜਥੇਦਾਰ ਵੀ ਜ਼ਿੰਮੇਵਾਰ ਹਨ। ਇਨ੍ਹਾਂ ਸਮਾਗਮਾਂ ਸਬੰਧੀ ਬੀਤੇ ਕਈ ਦਿਨਾਂ ਤੋਂ ਇਲਾਕੇ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ। ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਰਕੇ ਪ੍ਰਸ਼ਾਸਨ ਨੇ ਸਮਾਗਮ ਲਈ ਤਿੰਨ ਦਿਨਾਂ ਦੀ ਥਾਂ 26 ਤੇ 27 ਮਾਰਚ ਲਈ ਦੋ ਦਿਨਾਂ ਲਈ ਇਜਾਜ਼ਤ ਦਿੱਤੀ ਸੀ। ਸਮਾਗਮ ਸਬੰਧੀ ਪ੍ਰਬੰਧ ਕਰ ਰਹੇ ਭਾਈ ਰਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੰਗਤ ਦੇ ਬੈਠਣ ਲਈ ਕਰੀਬ 100 ਏਕੜ ਜਗ੍ਹਾ ਦਾ ਪ੍ਰਬੰਧ ਕੀਤਾ ਸੀ ਤੇ ਰਾਸ਼ਨ ਆਦਿ ਦੇ ਵੀ ਬੰਦੋਬਸਤ ਕੀਤੇ ਸਨ। ਇਨ੍ਹਾਂ ਸਮਾਗਮਾਂ ਸਬੰਧੀ ਪ੍ਰਸ਼ਾਸਨ ਨੇ ਦੋਹਾਂ ਧਿਰਾਂ ਦੀਆਂ ਮੀਟਿੰਗਾਂ ਵੀ ਬੁਲਾਈਆਂ ਸਨ, ਪਰ ਦੋਵੇਂ ਧਿਰਾਂ ਆਪਸ ਵਿੱਚ ਸਹਿਮਤ ਨਹੀਂ ਹੋ ਰਹੀਆਂ ਸੀ। ਅਕਾਲ ਤਖ਼ਤ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਨੇ ਭਾਈ ਢੱਡਰੀਆਂ ਵਾਲੇ ਨੂੰ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਰਕੇ ਇਨ੍ਹਾਂ ਸਮਾਗਮਾਂ ਨੂੰ ਰੱਦ ਕੀਤੇ ਜਾਣ ਦੀ ਅਪੀਲ ਕੀਤੀ ਸੀ। ਵਿਰੋਧ ਕਰਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਖ਼ੁਦ ਹੀ ਇਨ੍ਹਾਂ ਸਮਾਗਮਾਂ ਨੂੰ ਰੱਦ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਸਮਾਗਮਾਂ ਦਾ ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ (ਦਮਦਮੀ ਟਕਸਾਲ), ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਸੂਬਾ ਸਿੰਘ ਰਾਮ ਰੌਣੀ, ਗਰਮਖਿਆਲੀ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਬਲਵੰਤ ਸਿੰਘ ਗੋਪਾਲਾ, ਹਰਜਿੰਦਰ ਸਿੰਘ ਪੰਜਵੜ, ਯੂਨਾਈਟਿਡ ਅਕਾਲੀ ਦਲ ਦੇ ਭਾਈ ਸਤਨਾਮ ਸਿੰਘ ਮਨਾਵਾਂ ਸ਼ਾਮਲ ਸਨ।