ਬਠਿੰਡਾ: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿੱਚ ਇੱਕ ਦਰਿੰਦੇ ਵੱਲੋਂ ਦੂਜੀ ਕਲਾਸ ਵਿੱਚ ਪੜ੍ਹਦੀ ਸੱਤ ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਈਆਂ ਹੈ। ਪਿੰਡ ਦੇ ਇੱਕ 22 ਸਾਲਾ ਨੌਜਵਾਨ ਵੱਲੋਂ ਇਸ ਕਾਰੇ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਨੇ ਪੀੜਤ ਦੇ ਪਿਤਾ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਇਸ ਸੱਤ ਸਾਲ ਦੀ ਮਾਸੂਮ ਬੱਚੀ ਨੂੰ ਉਸ ਦੇ ਪਿੰਡ ਦੇ ਵਿਆਹੇ ਹੋਏ ਨੌਜਵਾਨ ਨੇ ਆਪਣੀ ਹਵਸ ਦਾ ਸਿਕਾਰ ਬਣਾਇਆ। ਦਰਅਸਲ ਪਿੰਡ ਮਲਕਾਣਾ ਦੇ ਇੱਕ ਦਿਹਾੜੀਦਾਰ ਮਜ਼ਦੂਰ ਕੰਮ 'ਤੇ ਗਿਆ ਹੋਇਆ ਸੀ। ਉਸ ਦੇ ਦੋ ਬੱਚੇ ਵੀ ਘਰ ਵਿੱਚ ਨਹੀਂ ਸਨ। ਸਿਰ 'ਤੇ ਮਾਂ ਦਾ ਸਾਇਆ ਨਾ ਹੋਣ ਕਰਕੇ ਬੱਚੀ ਘਰ ਵਿੱਚ ਇਕੱਲੀ ਸੀ। ਗੁਆਢ ਵਿੱਚ ਦੁਕਾਨ ਕਰਦੇ ਭੀਮਾ ਸਿੰਘ ਨੇ ਉਸ ਨੂੰ ਘਰ ਵਿੱਚ ਇਕੱਲੀ ਦੇਖ ਕੇ ਬਾਥਰੂਮ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਰਾਤ ਸਮੇਂ ਜਦੋਂ ਬੱਚੀ ਦਾ ਪਿਤਾ ਘਰ ਆਇਆ ਤਾਂ ਉਸ ਨੇ ਲੜਕੀ ਨੂੰ ਨਹਾਉਣ ਸਮੇਂ ਖੂਨ ਦੇਖ ਕੇ ਪੁੱਛਿਆਂ ਤਾਂ ਲੜਕੀ ਨੇ ਸਾਰੀ ਕਹਾਣੀ ਆਪਣੀ ਦੱਸ ਦਿੱਤੀ। ਪੀੜਤ ਦੇ ਪਿਤਾ ਨੇ ਬੱਚੀ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ। ਉਸ ਦੇ ਜ਼ਖ਼ਮ ਗਹਿਰੇ ਹੋਣ ਕਰਕੇ ਤਲਵੰਡੀ ਸਾਬੋ ਤੋਂ ਬੱਚੀ ਨੂੰ ਬਠਿੰਡਾ ਲਈ ਰੈਫਰ ਕਰ ਦਿੱਤਾ। ਪੀੜਤ ਹੁਣ ਆਪਣੇ ਬੱਚੀ ਨਾਲ ਹੋਏ ਧੱਕੇ ਖਿਲਾਫ ਸਖਤ ਕਰਵਾਈ ਦੀ ਮੰਗ ਕਰ ਰਿਹਾ ਹੈ। ਉਧਰ, ਦੂਜੇ ਪਾਸੇ ਰਾਮਾਂ ਮੰਡੀ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।