ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਦੇਸ਼ ਵਿੱਚ ਮਹਿੰਗਾਈ ਦੀ ਮਾਰ ਤੋਂ ਤਾਂ 'ਰਾਵਣ' ਵੀ ਬਚ ਨਹੀਂ ਸਕਿਆ। ਮਹਿੰਗਾਈ ਕਾਰਨ ਰਾਵਣ ਦਾ ਪੁਤਲਾ ਫੂਕਣਾ ਔਖਾ ਹੋ ਗਿਆ ਹੈ। ਪਿਛਲੇ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਾਵਣ ਦੇ ਪੁਤਲਿਆਂ ਦਾ ਕੱਦ ਛੋਟਾ ਹੋ ਗਿਆ ਹੈ। ਰਾਵਣ ਦੇ ਪੁਤਲੇ ਬਣਾਉਣ ਵਾਲੇ ਕਾਰੀਗਰਾਂ ਨੂੰ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਪੁਤਲਾ ਬਣਾਉਣ ਵਾਲੀਆਂ ਸਮੱਗਰੀਆਂ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ। ਇਸੇ ਕਰਕੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਦਾ ਆਕਾਰ ਕਾਫੀ ਛੋਟਾ ਕਰਨਾ ਪਿਆ ਹੈ ਜਿਸ ਨਾਲ ਕਾਰੀਗਰਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਗਿਆ ਹੈ।

ਹਾਸਲ ਜਾਣਕਾਰੀ ਅਨੁਸਾਰ ਇਸ ਵਾਰ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਲਈ ਵਰਤੇ ਜਾਂਦੇ ਬਾਂਸ 'ਤੇ 5 ਫੀਸਦੀ ਤੇ ਰੋਗਨੀ ਕਾਗਜ਼ 'ਤੇ 12 ਤੋਂ 18 ਫੀਸਦੀ ਜੀਐਸਟੀ ਵਧਣ ਕਾਰਨ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਪੁਤਲਿਆਂ ਵਿੱਚ ਵਰਤਿਆ ਜਾਣ ਵਾਲਾ ਕਾਗਜ ਜੋ ਪਿਛਲੇ ਸਾਲ 20 ਰੁਪਏ ਕਿਲੋ ਸੀ, ਇਸ ਵਾਰ 35 ਤੋਂ 40 ਰੁਪਏ ਵਿੱਚ ਵਿਕ ਰਿਹਾ ਹੈ। 15 ਫੁੱਟ ਦਾ ਬਾਂਸ ਜੋ ਪਹਿਲਾਂ 65 ਰੁਪਏ ਵਿੱਚ ਵਿਕਦਾ ਸੀ, ਹੁਣ 120 ਰੁਪਏ ਵਿੱਚ ਵਿਕ ਰਿਹਾ ਹੈ। 20 ਫੁੱਟ ਦਾ ਬਾਂਸ ਜਿਸ ਦੀ ਕੀਮਤ 150 ਰੁਪਏ ਸੀ, ਹੁਣ 300 ਰੁਪਏ ਵਿੱਚ ਵਿਕ ਰਹੀ ਹੈ।

ਕਾਰੀਗਰਾਂ ਦਾ ਕਹਿਣਾ ਹੈ ਕਿ ਰੱਸੀ ਜੋ ਪਹਿਲਾਂ 100 ਰੁਪਏ ਪ੍ਰਤੀ ਕਿਲੋ ਮਿਲਦੀ ਸੀ, ਹੁਣ 250 ਰੁਪਏ ਵਿੱਚ ਵਿਕ ਰਹੀ ਹੈ। ਰੋਗਨੀ ਪੇਪਰ ਜੋ 400 ਰੁਪਏ ਦਾ ਸੀ ਹੁਣ 800 ਰੁਪਏ ਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਇੱਕ ਪੁਤਲਾ ਬਣਾਉਣ ਵਿੱਚ ਘੱਟੋ-ਘੱਟ 3 ਦਿਨ ਲੱਗਦੇ ਹਨ। ਵਸਤੂਆਂ ਦੇ ਭਾਅ ਵਧਣ ਕਾਰਨ ਗਾਹਕਾਂ ਨੂੰ ਘੱਟ ਰੇਟ ਦੇਣੇ ਪੈ ਰਹੇ ਹਨ, ਜਿਸ ਕਾਰਨ ਸਾਡੀ ਦਿਹਾੜੀ ਘੱਟ ਗਈ ਹੈ ਪਰ ਸਾਨੂੰ ਰੋਜ਼ੀ-ਰੋਟੀ ਲਈ ਕੰਮ ਕਰਨਾ ਪੈ ਰਿਹਾ ਹੈ। ਕਾਰੀਗਰਾਂ ਨੇ ਦੱਸਿਆ ਕਿ ਸਾਮਾਨ ਮਹਿੰਗਾ ਹੋਣ ਕਾਰਨ ਗਾਹਕ ਓਨਾ ਰੇਟ ਨਹੀਂ ਦੇ ਰਿਹਾ, ਜਿੰਨਾ ਭਰਨਾ ਚਾਹੀਦਾ ਹੈ।

ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਰਾਵਣ ਦਾ ਪੁਤਲਾ ਬਣਾਉਣ ਦੀ ਸਮੱਗਰੀ ਕਾਫੀ ਮਹਿੰਗੀ ਹੋ ਚੁੱਕੀ ਹੈ। ਮਹਿੰਗਾਈ ਦਾ ਅਸਰ ਹੋਰ ਖੇਤਰਾਂ ਵਾਂਗ ਇਸ ਦਾ ਅਸਰ ਪੁਤਲਿਆਂ ਦੇ ਕਾਰੋਬਾਰ 'ਤੇ ਵੀ ਪਿਆ ਹੈ। ਇਸ ਵਜ੍ਹਾ ਕਰ ਕੇ ਪੁਤਲਿਆਂ ਦਾ ਆਕਾਰ ਘੱਟ ਕਰਨਾ ਪਿਆ, ਕਿਉਂਕਿ ਪੁਤਲਾ ਜਿੰਨਾ ਵੱਡਾ ਹੋਵੇਗਾ ਲਾਗਤ ਵੀ ਓਨੀ ਹੀ ਵਧ ਹੋਵੇਗੀ ਤੇ ਕੀਮਤ ਵੀ ਉਸ ਹਿਸਾਬ ਨਾਲ ਵਧ ਜਾਵੇਗੀ।