Punjab News: ਪੰਜਾਬ ਸਰਕਾਰ ਵੱਲੋਂ ਹੁਣ ਨਵਾਂ ਕਰਜ਼ਾ ਲਿਆ ਜਾਵੇਗਾ ਜਿਸ ਨੂੰ ਲੈ ਵਿਰੋਧੀ ਧਿਰਾਂ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਹਨ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੱਖ ਵੀ ਸਾਹਮਣੇ ਆਇਆ ਹੈ।  ਇਸ ਨੂੰ ਲੈ ਕੇ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ  8500 ਕਰੋੜ ਦਾ ਕਰਜ਼ਾ ਅਗਲੇ ਤਿੰਨ ਮਹੀਨਿਆਂ ਵਿਚ ਲਿਆ ਜਾਵੇਗਾ।

ਇਸ ਤੋਂ ਬਾਅਦ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤੰਜ ਕਸਦਿਆਂ ਕਿਹਾ ਕਿ ਬੇਸ਼ਰਮਾਂ ਦੀ ਡੁੱਲ ਗਈ ਦਾਲ, ਅਖੇ ਅਸੀਂ ਤਾਂ ਭੁੰਜੇ ਬਹਿ ਕੇ ਹੀ ਖਾਂਦੇ ਹਾਂ। ਪਹਿਲੀ ਵਾਰ ਦੇਖਿਆ ਕਿ ਕਰਜ਼ੇ ਨੂੰ ਉਤਾਰਨ ਲਈ ਕਰਜ਼ਾ ਲਏ ਜਾਣ ਤੇ ਇੰਨੀਂ ਖੁਸ਼ੀ ਮਨਾਈ ਜਾ ਰਹੀ ਹੈ।

8500 ਕਰੋੜ ਕਰਜ਼ਾ ਮਿਲਣ ਤੇ ਝਾੜੂ ਸਰਕਾਰ ਦੀ ਖੁਸ਼ੀ ਦਰਸ਼ਾਉਂਦੀ ਹੈ ਕਿ ਇਹਨਾਂ ਨੂੰ ਆਮਦਨ ਤੇ ਕਰਜ਼ੇ ਦੀ ਬੁਨਿਆਦੀ ਸਮਝ ਵੀ ਨਹੀਂ ਹੈ।

ਪਰ ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਨੇ ਪੰਜਾਬ ਸਿਰ ਕਰਜ਼ਾ ਪਾ ਕੇ ਕੇਜਰੀਵਾਲ ਨੂੰ ਹੇਲੀਕਾਪਟਰ ਦੇ ਝੂਟੇ ਦੇਣੇ ਹਨ ਅਤੇ ਆਪਣੀ ਪਾਰਟੀ ਦਾ ਬਾਹਰ ਦੇ ਸੂਬਿਆਂ ਵਿੱਚ ਪਰਚਾਰ ਲਈ ਖਰਚਾ ਕਰਨਾ ਹੈ। ਇਹਨਾ ਨੇ ਤਾ 2027 ਤੋਂ ਬਾਅਦ ਭੱਜ ਜਾਣਾ ਹੈ, ਕਰਜ਼ਾ ਪੰਜਾਬ ਦੇ ਵਾਸੀਆਂ ਸਿਰ ਚੜ੍ਹ ਜਾਏਗਾ।

ਦੱਸ ਦਈਏ ਕਿ ਰਿਜਰਵ ਬੈਂਕ ਆਫ ਇੰਡੀਆ ਵਲੋ਼ 8500 ਕਰੋੜ ਦੇ ਮਨਜ਼ੂਰ ਕਰਜ਼ੇ ਨੂੰ ਕਿਹੜੇ ਕਿਹੜੇ ਮਹੀਨੇ ਵਿਚ ਪੰਜਾਬ ਸਰਕਾਰ ਵਲੋ਼ ਲਿਆ ਜਾਵੇਗਾ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ (Finance Minister Harpal Cheema) ਨੇ ਦੱਸਿਆ ਕਿ ਇਹ ਕਰਜ਼ਾ ਜੁਲਾਈ, ਅਗਸਤ ਤੇ ਸਤੰਬਰ ’ਚ ਲਿਆ ਜਾਵੇਗਾ ਤੇ ਪੰਜਾਬ ਸਰਕਾਰ ਵਲੋਂ ਇਸ ਸਾਲ 49000 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਸਰਕਾਰ ਨੇ ਕਿਹਾ ਕਿ ਕਰਜ਼ਾ ਲੈਣਾ ਕੋਈ ਗਲਤ ਨਹੀਂ ਹੈ ਕਿਉਂਕਿ ਵੱਡੇ ਤੋਂ ਵੱਡਾ ਦੇਸ਼ ਵੀ ਕਰਜ਼ਾ ਲੈਂਦਾ ਹੈ ਪਰ ਮਹਿੰਗੀਆਂ ਵਿਆਜ਼ ਦਰਾਂ `ਤੇ ਕਰਜ਼ਾ ਲੈਣਾ ਪੂਰੀ ਤਰ੍ਹਾਂ ਗਲਤ ਹੈ।ਚੀਮਾ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ 11 ਤੋਂ 14 ਫ਼ੀਸਦੀ ਮਹਿੰਗੀਆਂ ਵਿਆਜ ਦਰਾਂ ’ਤੇ ਕਰਜ਼ੇ ਲਏ ਜਦਕਿ ਪੰਜਾਬ ਸਰਕਾਰ ਨੇ ਸਿਰਫ਼ 7 ਫ਼ੀਸਦੀ ’ਤੇ ਕਰਜ਼ਾ ਲਿਆ ਹੈ ।