Punjab News: ਪੰਜਾਬ ਸਰਕਾਰ ਨੇ ਚੁੱਪ-ਚੁਪੀਤੇ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ। ਭਗਵੰਤ ਮਾਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਵੈਟ ਕਰੀਬ 1 ਰੁਪਏ ਵਧਾ ਦਿੱਤਾ ਹੈ। ਜਿਸ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਸਰਕਾਰ 'ਤੇ ਤੰਜ ਕਸਿਆ ਗਿਆ ਹੈ। ਬਿੱਟੂ ਨੇ ਕਿਹਾ ਕਿ ਸਰਕਾਰ ਨੂੰ ਇਹ ਫ਼ੈਸਲਾ ਫੌਰੀ ਪ੍ਰਭਾਵ ਨਾਲ ਵਾਪਸ ਲੈਣਾ ਚਾਹੀਦਾ ਹੈ।


ਰਵਨੀਤ ਬਿੱਟੂ ਨੇ ਟਵੀਟ ਕਰਕੇ ਲਿਖਿਆ, "ਕੇਜਰੀਵਾਲ ਦੇ ਦੋਹਰੇ ਮਾਪਦੰਡ, ਰਾਮਲੀਲਾ ਮੈਦਾਨ ਵਿਚ ਉਹ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕਰਦਾ ਹੈ ਪਰ ਪੰਜਾਬ ਵਿਚ ਉਸ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾ ਦਿੱਤਾ ਹੈ ਜਿਸ ਕਾਰਨ ਪੰਜਾਬ ਦੇ ਵੋਟਰਾਂ ਨੂੰ ਜ਼ਿਆਦਾ ਟੈਕਸ ਦੇਣਾ ਪੈ ਰਿਹਾ ਹੈ। ਉਸ ਨੂੰ ਪੰਜਾਬ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਜਾਇਜ਼ ਠਹਿਰਾਉਣਾ ਚਾਹੀਦਾ ਹੈ ਜਾਂ ਫੌਰੀ ਪ੍ਰਭਾਵ ਨਾਲ ਫੈਸਲਾ ਵਾਪਸ ਲੈਣਾ ਚਾਹੀਦਾ ਹੈ"






ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਪੰਜਾਬ 'ਚ 'ਆਮ ਆਦਮੀ' ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਵਾਰ-ਵਾਰ ਵੈਟ ਵਧਾ ਕੇ ਆਮ ਲੋਕਾਂ ਅਤੇ ਕਿਸਾਨਾਂ 'ਤੇ ਬੇਲੋੜਾ ਬੋਝ ਪਾਇਆ ਜਾ ਰਿਹਾ ਹੈ। ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਅਤੇ ਡੀਜ਼ਲ ਦੀਆਂ ਕੀਮਤਾਂ ਦੂਜੇ ਨੰਬਰ 'ਤੇ ਹਨ। ਭਗਵੰਤ ਮਾਨ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਕੀਤਾ ਇਹ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਤੇਲ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਆਪ ਸਰਕਾਰ ਫਾਲਤੂ ਇਸ਼ਤਿਹਾਰਬਾਜ਼ੀ ਅਤੇ ਸਰਕਾਰੀ ਪ੍ਰਚਾਰ ਬੰਦ ਕਰਕੇ ਕਰੋੜਾਂ ਦੀ ਬੱਚਤ ਕਰ ਸਕਦੀ ਹੈ।


ਦੱਸ ਦਈਏ ਕਿ ਪੈਟਰੋਲ ਦੀ ਵੈਟ ਦਰ 'ਚ ਕਰੀਬ 1.8 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਪੈਟਰੋਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਜਦੋਂਕਿ ਵੈਟ ਦਰ ਵਿੱਚ 1.13 ਫੀਸਦੀ ਵਾਧੇ ਕਾਰਨ ਡੀਜ਼ਲ 90 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।