Punjab News: ਪੰਜਾਬ ਸਰਕਾਰ ਨੇ ਚੁੱਪ-ਚੁਪੀਤੇ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ। ਭਗਵੰਤ ਮਾਨ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਵੈਟ ਕਰੀਬ 1 ਰੁਪਏ ਵਧਾ ਦਿੱਤਾ ਹੈ। ਵਧੀਆਂ ਕੀਮਤਾਂ ਅੱਧੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ ਸਰਕਾਰ ਦੇ ਇਸ ਫੈਸਲੇ ਦੀ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਵਿੱਚ ਵਾਧੂ ਸਰੋਤ ਜੁਟਾਉਣ ਦੀ ਕੋਸ਼ਿਸ਼ ਵਿੱਚ ਪੰਜਾਬ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੋਵਾਂ ਲਈ 0.90 ਰੁਪਏ ਪ੍ਰਤੀ ਲੀਟਰ ਵੈਟ ਵਧਾਇਆ ਸੀ।
ਸੂਤਰਾਂ ਅਨੁਸਾਰ ਕੱਲ੍ਹ ਮਾਨਸਾ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਪਰ ਇਸ ਬਾਰੇ ਸਰਕਾਰ ਨੇ ਕੁਝ ਵੀ ਨਹੀਂ ਦੱਸਿਆ ਸੀ। ਹਾਲਾਂਕਿ ਇਸ ਬਾਰੇ ਅਜੇ ਤੱਕ ਸਰਕਾਰ ਜਾਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਇਸ 'ਤੇ ਕੁਝ ਨਹੀਂ ਕਿਹਾ ਗਿਆ।
ਹਾਸਲ ਜਾਣਕਾਰੀ ਮੁਤਾਬਕ ਪੈਟਰੋਲ ਦੀ ਵੈਟ ਦਰ 'ਚ ਕਰੀਬ 1.8 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਪੈਟਰੋਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਜਦੋਂਕਿ ਵੈਟ ਦਰ ਵਿੱਚ 1.13 ਫੀਸਦੀ ਵਾਧੇ ਕਾਰਨ ਡੀਜ਼ਲ 90 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਇਸ ਦਰ ਵਿੱਚ 10 ਫੀਸਦੀ ਸਰਚਾਰਜ ਵੀ ਸ਼ਾਮਲ ਹੈ। ਇਸ ਕਾਰਨ ਮੁਹਾਲੀ ਵਿੱਚ ਜਿੱਥੇ ਪਹਿਲਾਂ ਪ੍ਰਤੀ ਲੀਟਰ ਪੈਟਰੋਲ 98.3 ਰੁਪਏ ਵਿੱਚ ਮਿਲਦਾ ਸੀ, ਹੁਣ ਇਹ ਵਧ ਕੇ 98.95 ਰੁਪਏ ਹੋ ਗਿਆ ਹੈ। ਜਦਕਿ 88.35 ਰੁਪਏ ਪ੍ਰਤੀ ਲੀਟਰ ਮਿਲਣ ਵਾਲੇ ਡੀਜ਼ਲ ਦੀ ਕੀਮਤ ਹੁਣ 89.25 ਰੁਪਏ ਹੋ ਗਈ ਹੈ।
ਦੱਸ ਦਈਏ ਕਿ ਪੰਜਾਬ 'ਚ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਵੈਟ ਦਰਾਂ 'ਚ ਕਟੌਤੀ ਕੀਤੀ ਸੀ। ਇਸ ਦੌਰਾਨ ਪੈਟਰੋਲ 'ਚ 10 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਚ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ। ਉਸ ਸਮੇਂ ਦੌਰਾਨ ਡੀਜ਼ਲ 'ਤੇ 9.92 ਫੀਸਦੀ ਤੇ ਪੈਟਰੋਲ 'ਤੇ 13.77 ਫੀਸਦੀ ਵੈਟ ਸੀ।
ਉਧਰ, ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਜੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ ਤਾਂ ਤੇਲ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਬਾਰੇ ਵਿਚਾਰ ਕਰਨ ਦੀ ਸਥਿਤੀ ਵਿੱਚ ਹੋਣਗੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਤੇਲ ਕੰਪਨੀਆਂ ਦੇ ਆਉਣ ਵਾਲੇ ਤਿਮਾਹੀ ਨਤੀਜੇ ਚੰਗੇ ਆਉਣਗੇ। ਪੈਟਰੋਲ ਦੀਆਂ ਕੀਮਤਾਂ 'ਤੇ ਪੁਰੀ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਕੋਈ ਐਲਾਨ ਕਰਨ ਦੀ ਸਥਿਤੀ 'ਚ ਨਹੀਂ ਹਨ।
ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ
ਤੁਹਾਨੂੰ ਦੱਸ ਦੇਈਏ ਕਿ ਤੁਸੀਂ ਰੋਜ਼ਾਨਾ ਇੱਕ SMS ਰਾਹੀਂ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹੋ। ਇਸਦੇ ਲਈ, ਇੰਡੀਅਨ ਆਇਲ (IOCL) ਦੇ ਗਾਹਕਾਂ ਨੂੰ RSP <space> ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ। ਆਪਣੇ ਸ਼ਹਿਰ ਦਾ RSP ਕੋਡ ਜਾਣਨ ਲਈ https://iocl.com/petrol-diesel-price 'ਤੇ ਕਲਿੱਕ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।