Punjab News: ਚੋਣ ਕਮਿਸ਼ਨ ਦੀ ਟੀਮ ਵੱਲੋਂ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਸਰਕਾਰੀ ਨਿਵਾਸ ਕਪੂਰਥਲਾ ਹਾਊਸ 'ਤੇ ਛਾਪਾ ਮਾਰਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੰਦਣਯੋਗ ਕਹਿ ਕੇ ਭਾਜਪਾ ਉੱਤੇ ਨਿਸ਼ਾਨਾ ਸਾਧਿਆ ਹੈ ਪਰ ਇਸ ਦੌਰਾਨ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

ਦੇਸ਼ ਦੀ ਪਾਰਲੀਮੈਂਟ ਦੇ ਬਾਹਰ ਮੀਡੀਆ ਨਾਲ ਰਾਬਤਾ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ 2 ਘੰਟਿਆਂ ਤੱਕ ਚੋਣ ਕਮਿਸ਼ਨ ਦੀ ਟੀਮ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਤੇ ਇਸ ਦੌਰਾਨ ਭਗਵੰਤ ਮਾਨ ਤੇ ਕੇਜਰੀਵਾਲ ਦੀ ਟੀਮ ਨੇ ਪੈਸਿਆਂ ਦੀ ਸੈਟਿੰਗ ਕੀਤੀ ਤੇ ਉਨ੍ਹਾਂ ਨੂੰ ਗੱਡੀਆਂ ਰਾਹੀਂ ਘਰ ਦੇ ਦੂਜੇ ਗੇਟ ਤੋਂ ਬਾਹਰ ਕੱਢਿਆ।

ਬਿੱਟੂ ਨੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪੰਜਾਬ ਦੇ ਵਪਾਰੀਆਂ ਦੇ ਫੋਨ ਆਏ ਕਿ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਕਿ ਪੈਸੇ ਦਿਓ ਨਹੀਂ ਤਾਂ ਤੁਹਾਡੇ ਉੱਤੇ ਕਾਰਵਾਈ ਕੀਤੀ ਜਾਵੇਗੀ, ਬਿੱਟੂ ਨੇ ਕਿਹਾ ਕਿ ਮੰਤਰੀ ਇਹੋ ਜਿਹੀਆਂ ਧਮਕੀਆਂ ਦੇ ਕੇ ਪੈਸੇ ਲੈ ਕੇ ਕਪੂਰਥਲਾ ਹਾਊਸ ਵਿੱਚ ਗਏ ਸਨ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਇਸ ਰੇਡ ਦੌਰਾਨ ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ। ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ ਗਈ। ਇਸ ਦੇ ਜਵਾਬ ਵਿੱਚ ਬਿੱਟੂ ਨੇ ਕਿਹਾ ਕਿ ਇਹ ਸਰਾਸਰ ਗ਼ਲਤ ਬਿਆਨਬਾਜ਼ੀ ਹੈ। ਸੰਦੂਖ ਪੁਰਾਣੇ ਵੇਲਿਆਂ ਵਿੱਚ ਹੁੰਦਾ ਸੀ ਮੁੱਖ ਮੰਤਰੀ ਦੱਸਣ ਕਪੂਰਥਲਾ ਹਾਊਸ ਵਿੱਚ ਉਨ੍ਹਾਂ ਦਾ ਪਰਿਵਾਰ ਦਾ ਕਿਹੜਾ ਸੰਦੂਖ ਹੈ ਉਹ ਇਸ ਦੀ ਤਸਵੀਰ ਜਾਰੀ ਕਰਨ।

ਬਿੱਟੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬੀਆਂ ਦੇ ਸਿੱਖਾਂ ਦਾ ਨਾਂਅ ਬਦਨਾਮ ਕੀਤਾ ਹੈ। ਇਸ ਤਰ੍ਹਾਂ ਕਿਸੇ ਮੁੱਖ ਮੰਤਰੀ ਦੀ ਦਿੱਲੀ ਵਿੱਚ ਬਦਨਾਮੀ ਨਹੀਂ ਹੋਈ ਜੋ ਭਗਵੰਤ ਮਾਨ ਕਰਵਾ ਰਿਹਾ ਹੈ। ਇਸ ਮੌਕੇ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਦਲਾਲਾਂ ਦੀ ਵਾਂਗ ਕੇਜਰੀਵਾਲ ਲਈ ਪੈਸੇ ਲੈ ਕੇ ਉੱਥੇ ਬੈਠਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ

ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਦਿੱਲੀ ਵਿਖੇ ਮੇਰੇ ਮੁੱਖ ਮੰਤਰੀ ਦੀ ਰਿਹਾਇਸ਼ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਿਸ ਵੱਲੋਂ ਰੇਡ ਕੀਤੀ ਗਈ। ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ। ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ, ਕੀ ਮੈਨੂੰ ਦਸਣਗੇ ਕਿ ਕੀ ਮਿਲਿਆ ? ਮਾਨ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਦਫ਼ਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਬੀਜੇਪੀ ਵਾਲਿਆਂ ਦੇ ਘਰ ਹਨ, ਕਿ ਉਹ ਉਹਨਾਂ ਦੇ ਘਰ ਰੇਡ ਮਾਰਨ ਦੀ ਹਿੰਮਤ ਦਿਖਾਉਣਗੇ? ਜਾਂ ਸਿਰਫ ਆਮ ਆਦਮੀ ਪਾਰਟੀ ਅਤੇ ਪੰਜਾਬੀਆਂ ਦੇ ਨਾਲ ਹੀ ਅਜਿਹਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ। ਇਹ ਸਭ ਬੀਜੇਪੀ ਦੀ ਹਾਰ ਦੀ ਘਬਰਾਹਟ ਹੈ। ਇਸ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਘਰ 'ਤੇ ਰੇਡ ਮਾਰਨਾ ਬਹੁਤ ਹੀ ਨਿੰਦਣਯੋਗ ਹੈ।