ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ : ਕਾਂਗਰਸ ਵਿੱਚ ਛਿੜੇ ਕਲੇਸ਼ ਦਰਮਿਆਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਚੋਣਾਂ ਵਿੱਚ ਹਾਰ ਲਈ ਪਾਰਟੀ ਹਾਈਕਮਾਂਡ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਬਿੱਟੂ ਨੇ ਕਿਹਾ ਕਿ ਕਾਂਗਰਸ ਦਾ 90 ਫੀਸਦੀ ਨੁਕਸਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ, ਬਾਕੀ ਸਾਰਾ ਨੁਕਸਾਨ ਕਾਂਗਰਸੀ ਆਗੂਆਂ ਨੇ ਕੀਤਾ ਹੈ।



ਉਨ੍ਹਾਂ ਕਿਹਾ ਨੇ ਪਾਰਟੀ ਨੇ ਵਰਕਰਾਂ ਦੀ ਗੱਲ ਨਹੀਂ ਸੁਣੀ। ਬਿੱਟੂ ਨੇ ਕਿਹਾ ਹਾਰ ਦਾ ਸਭ ਤੋਂ ਵੱਡਾ ਕਾਰਨ ਕੈਪਟਨ ਅਮਰਿੰਦਰ ਸਿੰਘ ਹੈ, ਕਿਉਂਕਿ ਉਹ ਸਾਢੇ ਚਾਰ ਸਾਲਾਂ ਤੋਂ ਬਾਹਰ ਨਹੀਂ ਆਏ, ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਕਾਂਡ ਦਾ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਸ ਦਾ ਗੁੱਸਾ ਬਾਦਲ ਪਰਿਵਾਰ ਪ੍ਰਤੀ ਸੀ ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਵਿੱਤ ਮੰਤਰੀ ਬਣਾਇਆ ਗਿਆ।

ਦਰਅਸਲ ਪੰਜਾਬ 'ਚ ਹੋਈ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਈ ਮੀਟਿੰਗ 'ਚ ਜਾਇਜ਼ਾ ਲਿਆ ਗਿਆ ਕਿ ਹਾਰ ਦਾ ਕਾਰਨ ਕੀ ਰਿਹਾ ਹੈ। ਲੋਕ ਸਭਾ ਤੇ ਵਿਧਾਨ ਸਭਾ ਹਲਕਿਆਂ ਤੋਂ ਰਿਪੋਰਟਾਂ ਲਈਆਂ ਗਈਆਂ ਹਨ। ਇਸ ਬਾਰੇ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪੰਜਾਬ 'ਚ ਪਿਛਲੇ 4 ਮਹੀਨਿਆਂ 'ਚ ਅਜਿਹਾ ਕੀ ਕੁਝ ਹੋਇਆ, ਜਿਸ ਕਾਰਨ ਕਾਂਗਰਸ ਦੀ ਹਾਰ ਹੋਈ ਹੈ, ਇਸ 'ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੀਡਬਲਯੂਸੀ(CWC) ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਪੂਰੀ ਸਮੀਖਿਆ ਕੀਤੀ ਜਾਵੇਗੀ।

ਇਸ ਦੌਰਾਨ ਮੀਟਿੰਗ 'ਚ ਹੋਏ ਹੰਗਾਮੇ ਦੀ ਚਰਚਾ 'ਤੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਕੋਈ ਹੰਗਾਮਾ ਨਹੀਂ ਹੋਇਆ, ਸਿਰਫ ਪੰਜਾਬ ਬਾਰੇ ਹੀ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮੁੜ ਸੱਤਾ ਵਿੱਚ ਕਿਵੇਂ ਲਿਆਉਣਾ ਹੈ, ਇਸ ਬਾਰੇ ਲੋਕਾਂ ਨਾਲ ਜੁੜਨਾ ਪਵੇਗਾ।

ਬਿੱਟੂ ਪੰਜਾਬ ਇੰਚਾਰਜ ਹਰੀਸ਼ ਚੌਧਰੀ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਬੋਲੇ ਕਿ ਜਦੋਂ ਕਿਸੇ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਲੋਕ ਅਜਿਹੇ ਦੋਸ਼ ਲਗਾਉਂਦੇ ਹਨ, ਅਜਿਹਾ ਹੀ ਹੋਇਆ ਹੈ। ਸੂਬਾ ਪ੍ਰਧਾਨ ਦੇ ਅਸਤੀਫੇ 'ਤੇ ਕਿਹਾ ਕਿ ਹਾਰ ਤੋਂ ਬਾਅਦ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਣਾ ਪੈਂਦਾ ਹੈ ਪਰ ਜੇਕਰ ਨਹੀਂ ਦਿੱਤਾ ਗਿਆ ਤਾਂ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਬਹੁਤ ਮਜ਼ਬੂਤ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਮਜਬੂਤ ਹੋਵੇਗੀ ਤੇ ਪਿੰਡ ਪਿੰਡ ਜਾ ਕੇ ਵਰਕਰਾਂ ਨੂੰ ਮਿਲਾਂਗੇ।


ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਬਜ਼ੁਰਗ ਰੇਲ ਯਾਤਰੀਆਂ ਲਈ ਬੁਰੀ ਖ਼ਬਰ, ਕਿਰਾਏ 'ਚ ਨਹੀਂ ਮਿਲੇਗੀ ਛੋਟ, ਟਿਕਟਾਂ ਲਈ ਦੇਣੇ ਪੈਣਗੇ ਪੂਰੇ ਪੈਸੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490