Chandigarh University Ranking: ਪੰਜਾਬ ਦੇ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਂ ਐਤਵਾਰ ਦੇਰ ਰਾਤ ਤੋਂ ਹੀ ਸੁਰਖੀਆਂ 'ਚ ਹੈ। ਚਰਚਾ ਦਾ ਕਾਰਨ ਹੈ MMS ਸਕੈਂਡਲ। ਗਰਲਜ਼ ਹੋਸਟਲ ਦੀ ਇੱਕ ਵਿਦਿਆਰਥਣ 'ਤੇ ਦੂਜੀਆਂ ਕੁੜੀਆਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦਾ ਦੋਸ਼ ਲੱਗਾ ਹੈ। ਯੂਨੀਵਰਸਿਟੀ 'ਚ ਹੰਗਾਮਾ ਹੋਣ 'ਤੇ ਮਾਮਲਾ ਪੁਲਿਸ ਕੋਲ ਪਹੁੰਚਿਆ ਅਤੇ ਕਾਰਵਾਈ ਕਰਦੇ ਹੋਏ ਵਿਦਿਆਰਥਣ ਨੂੰ ਗ੍ਰਿਫਤਾਰ ਕਰ ਲਿਆ ਗਿਆ।
MMS ਸਕੈਂਡਲ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ 'ਤੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਸ ਆਰਟੀਕਲ ਵਿੱਚ ਆਓ ਅਸੀਂ ਤੁਹਾਨੂੰ ਯੂਨੀਵਰਸਿਟੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਵਧੇਰੇ ਜਾਣਕਾਰੀ ਦਿੰਦੇ ਹਾਂ।
ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਸਾਲ 2012 ਵਿੱਚ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਯੂਨੀਵਰਸਿਟੀ ਨੇ ਬਹੁਤ ਹੀ ਘੱਟ ਸਮੇਂ ਵਿੱਚ ਵੱਡੀਆਂ ਉਚਾਈਆਂ ਹਾਸਲ ਕੀਤੀਆਂ। ਚੰਡੀਗੜ੍ਹ ਯੂਨੀਵਰਸਿਟੀ ਨੇ ਸਿਰਫ਼ 10 ਸਾਲਾਂ ਵਿੱਚ QS ਵਿਸ਼ਵ ਰੈਂਕਿੰਗਜ਼ 2023 ਵਿੱਚ ਥਾਂ ਬਣਾ ਲਈ ਹੈ। ਯੂਨੀਵਰਸਿਟੀ ਦੀ ਸਥਾਪਨਾ ਸਤਨਾਮ ਸਿੰਘ ਸੰਧੂ ਨੇ ਕੀਤੀ ਗਈ ਸੀ। ਸਤਨਾਮ ਸਿੰਘ ਸੰਧੂ ਸਮਾਜ ਸੇਵੀ ਅਤੇ ਸਿੱਖ ਉਦਮੀ ਵਜੋਂ ਜਾਣੇ ਜਾਂਦੇ ਹਨ।
QS ਵਿਸ਼ਵ ਰੈਂਕਿੰਗ 2023
QS ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2023 ਦੇ ਨਵੇਂ ਵਰਜ਼ਨ ਮੁਤਾਬਕ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਵਿੱਚ ਟੌਪ ਦੀਆਂ-3 ਪ੍ਰਾਈਵੇਟ ਯੂਨੀਵਰਸਿਟੀਆਂ ਵਜੋਂ ਦਰਜਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਨੇ QS ਵਰਲਡ ਯੂਨੀਵਰਸਿਟੀ ਰੈਂਕਿੰਗ 2023 ਵਿੱਚ ਸਭ ਤੋਂ ਘੱਟ ਉਮਰ ਦੀ ਯੂਨੀਵਰਸਿਟੀ ਦਾ ਖਿਤਾਬ ਵੀ ਹਾਸਲ ਕੀਤਾ ਹੈ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਮੌਜੂਦ ਹੈ।
NIRF ਸਰਵੋਤਮ ਯੂਨੀਵਰਸਿਟੀਆਂ ਦੀ ਰੈਂਕਿੰਗ 2022
ਸਿੱਖਿਆ ਮੰਤਰਾਲੇ ਵੱਲੋਂ ਜਾਰੀ NIRF ਰੈਂਕਿੰਗ 2022 ਦੇ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਦੀਆਂ ਸਰਵੋਤਮ ਯੂਨੀਵਰਸਿਟੀਆਂ ਚੋਂ 29ਵਾਂ ਸਥਾਨ ਦਿੱਤਾ ਗਿਆ ਹੈ। NIRF ਬੈਸਟ ਕਾਲਜ ਰੈਂਕਿੰਗ 2021 ਵਿੱਚ ਚੰਡੀਗੜ੍ਹ ਯੂਨੀਵਰਸਿਟੀ 44.62 ਦੇ ਸਕੋਰ ਨਾਲ ਦੇਸ਼ ਵਿੱਚ #77ਵੇਂ ਸਥਾਨ ਦਿੱਤਾ ਗਿਆ ਸੀ।
NAAC A+ ਰੇਟਿੰਗ
ਚੰਡੀਗੜ੍ਹ ਯੂਨੀਵਰਸਿਟੀ ਨੂੰ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (NAAC) ਵਲੋਂ ਵੱਕਾਰੀ A+ ਗ੍ਰੇਡ ਨਾਲ ਸਨਮਾਨਿਤ ਕੀਤਾ ਗਿਆ ਹੈ। A+ ਗ੍ਰੇਡ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਦੀਆਂ ਸਭ ਤੋਂ ਵੱਧ ਪ੍ਰਤਿਸ਼ਠਾਵਾਨ ਅਤੇ ਨਾਮਵਰ ਉੱਚ ਵਿਦਿਅਕ ਸੰਸਥਾਵਾਂ (HEIs) ਵਿੱਚ ਰੱਖਿਆ ਹੈ, ਜੋ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਪ੍ਰਸਾਰਿਤ ਕਰਨ ਵਿੱਚ ਉੱਚ ਪੱਧਰਾਂ ਨੂੰ ਕਾਇਮ ਰੱਖਦੀ ਹੈ।
ਸਤਨਾਮ ਸਿੰਘ ਸੰਧੂ ਬਾਰੇ ਵੀ ਜਾਣੋ
ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਕਰਨ ਵਾਲੇ ਸਤਨਾਮ ਸਿੰਘ ਸੰਧੂ ਦਾ ਜਨਮ ਪੰਜਾਬ ਦੇ ਫ਼ਿਰੋਜ਼ਪੁਰ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਿਸਾਨ ਸੀ ਅਤੇ ਉਹ ਵੀ ਕਿਸਾਨ ਬਣੇ। ਭਾਵੇਂ ਜ਼ਿੰਦਗੀ ਨੇ ਉਨ੍ਹਾਂ ਲਈ ਸ਼ਾਇਦ ਕੁਝ ਹੋਰ ਹੀ ਸੋਚਿਆ ਹੋਇਆ ਸੀ। ਸਾਲ 2001 ਵਿੱਚ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਕਦਮ ਰੱਖਿਆ। ਰਸ਼ਪਾਲ ਸਿੰਘ ਧਾਲੀਵਾਲ ਵੀ ਉਨ੍ਹਾਂ ਦੇ ਸਾਥੀ ਸੀ। ਧਾਲੀਵਾਲ ਸਿਆਸਤ ਵਿੱਚ ਚਲੇ ਗਏ, ਪਰ ਸੰਧੂ ਨੂੰ ਸਿਆਸਤ ਪਸੰਦ ਨਹੀਂ ਸੀ।
ਕਾਲਜ ਬਣਾਉਣ ਲਈ ਲਿਆ 95 ਲੱਖ ਦਾ ਕਰਜ਼ਾ
ਮਾਲਵੇ ਦੇ ਪੇਂਡੂ ਖੇਤਰ ਤੋਂ ਆਏ ਸੰਧੂ ਨੇ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਖਰੜ ਦੇ ਲਾਂਡਰਾਂ ਵਿਖੇ ਇੱਕ ਇੰਜੀਨੀਅਰਿੰਗ ਕਾਲਜ ਦੀ ਨੀਂਹ ਰੱਖੀ। ਦਸੰਬਰ 2000 ਵਿੱਚ ਉਨ੍ਹਾਂ ਨੇ 95 ਲੱਖ ਰੁਪਏ ਦਾ ਕਰਜ਼ਾ ਲੈ ਕੇ ਤਿੰਨ ਏਕੜ ਜ਼ਮੀਨ ਵਿੱਚ ਕਾਲਜ ਬਣਾਇਆ। ਹੌਲੀ-ਹੌਲੀ ਇਹ ਕਾਲਜ ਵਧਦਾ ਗਿਆ ਅਤੇ ਫਿਰ 2012 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ।
ਕਾਲਜ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਇਸ ਸਾਲ ਜੂਨ ਵਿੱਚ ਜਾਰੀ QS ਵਿਸ਼ਵ ਰੈਂਕਿੰਗ 2023 ਵਿੱਚ ਵੀ ਥਾਂ ਬਣਾਈ। ਇਹ ਪੰਜਾਬ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰਨ ਵਾਸੀ ਸੰਸਥਾ ਬਣ ਗਈ।