ਚੰਡੀਗੜ੍ਹ: ਗੁਜਰਾਤ ਦੇ ਸੂਰਤ ਵਰਗੀ ਘਟਨਾ ਜੇ ਪੰਜਾਬ ਵਿੱਚ ਵਾਪਰ ਜਾਵੇ ਤਾਂ ਕੀ ਪੰਜਾਬ ਸਰਕਾਰ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਹੈ, ਇਸ ਦਾ ਰਿਐਲਟੀ ਚੈੱਕ ਕਰਨ ਲਈ 'ਏਬੀਪੀ ਸਾਂਝਾ' ਦੀ ਟੀਮ ਨੇ ਬਠਿੰਡਾ ਫਾਇਰ ਬ੍ਰਿਗੇਡ ਤਕ ਪਹੁੰਚ ਕੀਤੀ। ਇੱਥੇ ਜਾ ਕੇ ਪਤਾ ਲੱਗਾ ਕਿ ਅੱਗ ਬੁਝਾਉਣ ਦੇ ਯੰਤਰ ਤਾਂ ਕੀ, ਬਠਿੰਡਾ ਫਾਇਰ ਬ੍ਰਿਗੇਡ ਕੋਲ ਤਾਂ ਮੁਲਾਜ਼ਮ ਵੀ ਪੂਰੇ ਨਹੀਂ। ਫਾਇਰ ਅਧਿਕਾਰੀ ਨੇ ਦੱਸਿਆ ਕਿ ਇਸ ਫਾਇਰ ਸਟੇਸ਼ਨ ਉੱਤੇ 28 ਬੰਦਿਆਂ ਦਾ ਸਟਾਫ਼ ਹੈ। ਅਧਿਕਾਰੀ ਨੇ 30 ਬੰਦਿਆਂ ਦੀ ਭਰਤੀ ਦੀ ਮੰਗ ਕੀਤੀ ਹੋਈ ਹੈ। ਕਈ ਵਾਰ ਪੰਜਾਬ ਸਰਕਾਰ ਨੂੰ ਵੀ ਚਿੱਠੀਆਂ ਵੀ ਭੇਜੀਆਂ ਗਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ: ਸੂਰਤ ਅਗਨੀਕਾਂਡ ਦੀਆਂ ਦਿਲ ਦਿਹਲਾ ਦੇਣ ਵਾਲੀਆਂ ਤਸਵੀਰਾਂ, ਸਾਹਮਣੇ ਆਈਆਂ ਸਰਕਾਰ ਦੀਆਂ ਨਾਕਾਮੀਆਂ

ਬਠਿੰਡਾ ਵਿੱਚ ਦਿਨੋਂ-ਦਿਨ ਵੱਧ ਰਹੀ ਆਬਾਦੀ ਦੇ ਚੱਲਦੇ ਜਿੱਥੇ ਕਾਰੋਬਾਰ ਵਿੱਚ ਤੇਜ਼ੀ ਆ ਰਹੀ ਹੈ ਉੱਥੇ ਹੀ ਲੋਕਾਂ ਵੱਲੋਂ ਆਪਣੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਦੇ ਲਈ ਸੌ-ਸੌ ਫੁੱਟ ਉੱਚੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਰੱਬ ਨਾ ਕਰੇ ਜੇ ਕੋਈ ਹਾਦਸਾ ਵਾਪਰ ਜਾਏ ਤਾਂ ਬਠਿੰਡਾ ਦਾ ਫਾਇਰ ਸਟੇਸ਼ਨ ਬੇਵੱਸ ਨਜ਼ਰ ਆਵੇਗਾ। ਅਜਿਹਾ ਇਸ ਲਈ ਕਿਉਂਕਿ ਇਸ ਫਾਇਰ ਸਟੇਸ਼ਨ ਕੋਲ ਸਿਰਫ਼ 35 ਫੁੱਟ ਉਚਾਈ ਤਕ ਅੱਗ ਬੁਝਾਉਣ ਦੇ ਯੰਤਰ ਮੌਜੂਦ ਹਨ ਜਿਨ੍ਹਾਂ ਨਾਲ ਹਾਦਸੇ ਉੱਤੇ ਕਾਬੂ ਪਾਉਣਾ ਰੱਬ ਭਰੋਸੇ ਹੀ ਹੋਵੇਗਾ।

ਇਸ ਤੋਂ ਇਲਾਵਾ ਇਸ ਫਾਇਰ ਸਟੇਸ਼ਨ ਕੋਲ ਸਟਾਫ ਵੀ ਨਾ ਮਾਤਰ ਹੈ। ਫਾਇਰ ਸਟੇਸ਼ਨ ਮੱਖਣ ਰਾਮ ਨੇ ਦੱਸਿਆ ਕਿ ਉਨ੍ਹਾਂ ਕੋਲ਼ ਕਈ ਘਾਟਾਂ ਹਨ। ਇੱਥੋਂ ਤੱਕ ਕਿ ਜੇ ਕਿਸੇ ਇਮਾਰਤ ਵਿੱਚ ਹਾਦਸਾ ਵਾਪਰਦਾ ਹੈ ਤਾਂ ਸੇਫਟੀ ਵਾਸਤੇ ਉਨ੍ਹਾਂ ਕੋਲ ਜਾਲ ਤੱਕ ਵੀ ਉਪਲੱਬਧ ਨਹੀਂ ਹਨ। ਇਸ ਫਾਇਰ ਸਟੇਸ਼ਨ ਦੀ ਮੁੱਖ ਗੱਲ ਹੈ ਕਿ ਇਹ ਬਠਿੰਡਾ ਸ਼ਹਿਰ ਦੇ ਵਿੱਚੋਂ-ਵਿੱਚ ਸਥਿਤ ਹੈ। ਇਸ ਵਜ੍ਹਾ ਕਰਕੇ ਸ਼ਹਿਰ ਵਿੱਚ ਫਾਇਰ ਗੱਡੀਆਂ ਦਾ ਅੱਗ ਵਾਲੀ ਥਾਂ ਉੱਤੇ ਪੁੱਜਣਾ ਬੜੀ ਮੁਸ਼ਕਲ ਹੈ ਜਿਸ ਦੇ ਚੱਲਦੇ ਸ਼ਹਿਰ ਵਿੱਚ ਜਾਮ ਲੱਗ ਜਾਂਦਾ ਹੈ। ਕਈ ਵਾਰੀ ਲਾਈਟਾਂ ਹੋਣ ਕਰਕੇ ਰੁਕਣਾ ਵੀ ਪੈਂਦਾ ਹੈ।

ਦੱਸ ਦੇਈਏ ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਬੀਤੇ ਕੱਲ੍ਹ ਦੁਪਹਿਰ ਤਕਸ਼ਿਲਾ ਕੰਪਲੈਕਸ ਦੇ ਇੱਕ ਕੋਚਿੰਗ ਸੈਂਟਰ ਵਿੱਚ ਲੱਗੀ ਭਿਆਨਕ ਅੱਗ ਨੇ 21 ਜਾਨਾਂ ਲੈ ਲਈਆਂ। ਕੋਚਿੰਗ ਲੈ ਰਹੇ 20 ਬੱਚੇ ਤੇ ਇੱਕ ਅਧਿਆਪਕਾ ਨੇ ਹਾਦਸੇ ਵਿੱਚ ਆਪਣੀ ਜਾਨ ਗਵਾ ਦਿੱਤੀ। ਬੱਚੇ ਆਪਣੀ ਜਾਨ ਬਚਾਉਣ ਲਈ ਬੱਚੇ ਚੌਥੀ ਮੰਜ਼ਲ ਤੋਂ ਕੁੱਦੇ, ਪਰ ਫਿਰ ਵੀ ਉਨ੍ਹਾਂ ਨੂੰ ਜ਼ਿੰਦਗੀ ਨਹੀਂ, ਬਲਕਿ ਮੌਤ ਹੀ ਮਿਲੀ। ਚਸ਼ਮਦੀਦਾਂ ਦੀ ਵੀਡੀਓ ਮੁਤਾਬਕ ਹਾਦਸੇ ਦੇ ਤੁਰੰਤ ਬਾਅਦ ਸੱਦੀ ਫਾਇਰ ਬ੍ਰਿਗੇਡ ਵੀ ਬੱਚਿਆਂ ਨੂੰ ਬਚਾ ਨਹੀਂ ਸਕੀ।

ਲੋਕਾਂ ਨੇ ਦੱਸਿਆ ਕਿ ਇੱਕ ਤਾਂ ਫਾਇਰ ਬ੍ਰਿਗੇਡ ਕੋਲ ਜਾਲ ਮੌਜੂਦ ਨਹੀਂ ਸੀ ਤੇ ਦੂਜਾ ਉਨ੍ਹਾਂ ਕੋਲ ਮੌਜੂਦ ਪੌੜੀ ਇੰਨੀ ਛੋਟੀ ਸੀ ਕਿ ਚੌਥੀ ਮੰਜ਼ਲ ਤਕ ਪਹੁੰਚ ਹੀ ਨਾ ਸਕੀ। ਕਈ ਬੱਚਿਆਂ ਨੇ ਪੌੜੀ ਫੜਨ ਦੀ ਕੋਸ਼ਿਸ਼ ਕੀਤੀ, ਪਰ ਇਸ ਚੱਕਰ ਵਿੱਚ ਉਹ ਹੇਠਾਂ ਆ ਡਿੱਗੇ। ਇਸ ਹਾਦਸੇ ਦੇ ਬਾਅਦ ਬਦਇੰਤਜ਼ਾਮੀ ਨੂੰ ਦੇਖਦਿਆਂ ਗੁਜਰਾਤ ਸਰਕਾਰ 'ਤੇ ਵੀ ਕਈ ਸਵਾਲ ਉੱਠ ਰਹੇ ਹਨ।