ਚੰਡੀਗੜ੍ਹ: ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਗਠਜੋੜ ਦੀ ਉਮੀਦ ਖ਼ਤਮ ਹੋ ਚੁੱਕੀ ਹੈ। ਦੋਵੇਂ ਪਾਰਟੀਆਂ ਆਪਣੇ ਬਲਬੂਤੇ ਲੋਕ ਸਭਾ ਚੋਣਾਂ ਲੜਨਗੀਆਂ। ‘ਆਪ’ ਦੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਦੀ ਸੀਟ ਤੇ ਪੀਐਮ ਮੋਦੀ ਕਾਰਨ ਉਨ੍ਹਾਂ ਦਾ ਟਕਸਾਲੀਆਂ ਨਾਲ ਸਮਝੌਤਾ ਨਹੀਂ ਹੋ ਸਕਿਆ।
ਚੀਮਾ ਨੇ ਦੱਸਿਆ ਕਿ ਇੱਕ ਤਾਂ ਟਕਸਾਲੀ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਛੱਡਣ ਲਈ ਤਿਆਰ ਨਹੀਂ ਤੇ ਦੂਜਾ ਉਹ ਪੀਐਮ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹਨ ਪਰ ਆਮ ਆਦਮੀ ਪਾਰਟੀ ਨੂੰ ਇਹ ਦੋਵੇਂ ਸ਼ਰਤਾਂ ਮਨਜ਼ੂਰ ਨਹੀਂ ਸੀ। ਇਸ ਦੇ ਨਾਲ ਹੀ ਚੀਮਾ ਨੇ ਬੀਜੇਪੀ ਲੀਡਰਾਂ ਦੇ ਟਵਿੱਟਰ ਅਕਾਊਟ ’ਤੇ ਨਾਂ ਨਾਲ ‘ਚੌਕੀਦਾਰ’ ਲਿਖੇ ਜਾਣ ’ਤੇ ਵੀ ਟਿੱਪਣੀ ਕੀਤੀ।
ਉਨ੍ਹਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀਆਂ ਚਰਚਾਵਾਂ ਸਬੰਧੀ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਹਾਲੇ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਹੀ ਦਮ ’ਤੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨਗੇ। ਸੇਖਵਾਂ ਮੁਤਾਬਕ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ।
ਹਾਲਾਂਕਿ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਸਿਰਫ ਆਨੰਦਪੁਰ ਸਾਹਿਬ ਸੀਟ ਵਿੱਚ ਸਮਝੌਤਾ ਨਾ ਹੋਣ ਕਰਕੇ ਗਠਜੋੜ ਨਹੀਂ ਹੋ ਸਕਿਆ ਪਰ ਹੁਣ ਹਰਪਾਲ ਚੀਮਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿਰਫ ਆਨੰਦਪੁਰ ਸੀਟ ਹੀ ਨਹੀਂ, ਪੀਐਮ ਮੋਦੀ ਵੀ ਗਠਜੋੜ ਨਾ ਹੋਣ ਦਾ ਵੱਡਾ ਕਾਰਨ ਬਣੇ ਹਨ।
ਸਬੰਧਤ ਖ਼ਬਰ- ਟਕਸਾਲੀਆਂ ਤੇ 'ਆਪ' ਵਿਚਾਲੇ ਟੁੱਟੀ ਗੱਲ, ਆਪਣੇ ਬਲਬੂਤੇ ਹੀ ਚੋਣ ਲੜਨ ਦਾ ਐਲਾਨ