ਫਾਜ਼ਿਲਕਾ: ਸਥਾਨਕ ਪੁਲਿਸ ਤੇ ਬੀਐਸਐਫ ਨੇ ਸਾਂਝੇ ਅਭਿਆਨ ਵਿੱਚ ਹੈਰੋਇਨ ਦੇ 4 ਪੈਕਿਟ ਬਰਾਮਦ ਕੀਤੇ ਹੇ ਜਿਨ੍ਹਾਂ ਦਾ ਵਜ਼ਨ 2 ਕਿੱਲੋ ਦੱਸਿਆ ਜਾ ਰਿਹਾ ਹੈ। ਫਾਜ਼ਿਲਕਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ LOC ਦੇ ਪਾਰ ਪਾਕਿਸਤਾਨ ਵੱਲੋਂ ਨਸ਼ਾ ਲਿਆਂਦ ਜਾ ਰਿਹਾ ਹੈ। ਇਸ ਦੇ ਆਧਾਰ ’ਤੇ ਪੁਲਿਸ ਨੇ ਬੀਐਸਐਫ ਨਾਲ ਮਿਲਕੇ ਸਰਚ ਅਭਿਆਨ ਚਲਾਇਆ ਤੇ ਉਕਤ ਨਸ਼ਾ ਬਰਾਮਦ ਕੀਤਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਦੇ ਐਸਐਸਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਸੀ ਕਿ ਸਰਹੱਦ ਦੇ ਪਾਰ ਤੋਂ ਕੋਈ ਨਸ਼ਾ ਭੇਜਿਆ ਜਾ ਰਿਹਾ ਹੈ। ਇਸ ਉੱਤੇ ਉਨ੍ਹਾਂ ਬੀਐਸਐਫ ਨਾਲ ਮਿਲਕੇ ਸਰਚ ਅਭਿਆਨ ਚਲਾਇਆ। ਇਸੇ ਦੌਰਾਨ ਉਨ੍ਹਾਂ ਨੂੰ ਇੱਕ ਸਰਕਾਰੀ ਜ਼ਮੀਨ ਵਿੱਚ ਦੱਬੇ 4 ਪੈਕਿਟ ਮਿਲੇ। ਇਨ੍ਹਾਂ ਦਾ ਭਾਰ 2 ਕਿੱਲੋ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵੀ ਇਹ ਨਸ਼ਾ ਭੇਜਿਆ ਹੋਇਆ ਜਾ ਸਕਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਨਸ਼ਾ ਤਸਕਰਾਂ ਉੱਤੇ ਕਾਬੂ ਪਾਉਣ ਲਈ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਨਸ਼ਾ ਤਸਕਰਾਂ ਨੂੰ ਕਾਬੂ ਕਰੇਗੀ।