ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਨਸ਼ੇ ਦੀ ਸ਼ਰ੍ਹੇਆਮ ਵਿਕਰੀ ਦਾ ਖੁਲਾਸਾ ਕਰਨ ਮਗਰੋਂ ਸਪੈਸ਼ਲ ਟਾਸਕ ਫੋਰਸ ਹਰਕਤ ਵਿੱਚ ਆਈ ਹੈ। ਅੱਜ ਲੁਧਿਆਣਾ ਤੋਂ ਇੱਕ ਕਿੱਲੋ ਤੋਂ ਵੱਧ ਮਾਤਰਾ ਵਿੱਚ ਹੈਰੋਇਨ ਨੂੰ ਦੋ ਮੁਲਜ਼ਮਾਂ ਤੋਂ ਬਰਾਮਦ ਕੀਤਾ ਹੈ। ਇਸ ਦੀ ਕੀਮਤ ਛੇ ਕਰੋੜ ਰੁਪਏ ਤੋਂ ਵੱਧ ਬਣਦੀ ਹੈ।

ਐਸਟੀਐਫ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਨਾਕਾਬੰਦੀ ਮੁਲਜ਼ਮ ਕੁਲਦੀਪ ਸਿੰਘ ਟੀਟੂ ਤੇ ਗੋਬਿੰਦ ਨੂੰ ਮੁਖਬਰੀ ਦੇ ਆਧਾਰ 'ਤੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਕਿੱਲੋ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿੱਚ ਛੇ ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਹੈ।

ਟਾਸਕ ਫੋਰਸ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਏਐਸਆਈ ਜੈ ਪਾਲ ਸਿੰਘ ਨੂੰ ਹੋਈ ਮੁਖਬਰੀ ਦੇ ਅਧਾਰ ਤੇ ਪ੍ਰਤਾਪ ਚੌਕ ਤੇ ਬਸਤੀ ਜੋਧੇਵਾਲ ਵਿੱਚ ਸਪੈਸ਼ਲ ਨਾਕੇਬੰਦੀ ਦੌਰਾਨ ਦੋ ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਏਆਈਜੀ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਕੁਲਦੀਪ ਦੇ ਤਾਰ ਪਾਕਿਸਤਾਨ ਵਿੱਚ ਬੈਠੇ ਵੱਡੇ ਤਸਕਰਾਂ ਨਾਲ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਮੁਲਜ਼ਮ ਕੁਲਦੀਪ ਖ਼ਿਲਾਫ ਥਾਣਾ ਡਵੀਜਨ ਨੰਬਰ 6 ਅਤੇ ਦੂਜੇ ਮੁਲਜ਼ਮ ਖ਼ਿਲਾਫ਼ ਥਾਣਾ ਬਸਤੀ ਜੋਧੇਵਾਲ ਵਿੱਚ NDPS ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੇ ਹੋਰ ਸਰੋਤਾਂ ਦਾ ਪਤਾ ਕੀਤਾ ਜਾ ਸਕੇ।