ਅੰਮ੍ਰਿਤਸਰ: ਲੋਕ ਸਭਾ ਚੋਣਾਂ 2019 ਵਿੱਚ ਬੀਜੇਪੀ ਕ੍ਰਿਕੇਟਰ ਹਰਭਜਨ ਸਿੰਘ ਨਾਲ ਅੰਮ੍ਰਿਤਸਰ ਸੀਟ ਤੋਂ ਚੋਣ ਲੜਨ ਲਈ ਗੱਲਬਾਤ ਕਰ ਰਹੀ ਹੈ। ਇਸ ਗੱਲਬਾਤ ਦੇ ਸਿਰੇ ਚੜ੍ਹਨ ਦੀ ਸੰਭਾਵਨਾ ਹੈ ਕਿਉਂਕਿ ਬੀਜੇਪੀ ਨੂੰ ਇਸ ਸੀਟ ਤੋਂ ਕੋਈ ਮਜ਼ਬੂਤ ਤੇ ਮਕਬੂਲ ਚਿਹਰਾ ਨਹੀਂ ਮਿਲ ਰਿਹਾ। ਬੀਜੇਪੀ ਦੇ ਸੂਤਰਾਂ ਮੁਤਾਬਕ ਇਸ ਸੀਟ ਤੋਂ ਚੋਣ ਲੜਨ ਲਈ ਹਰਭਜਨ ਸਿੰਘ ਨਾਲ ਗੱਤਬਾਤ ਕੀਤੀ ਜਾ ਰਹੀ ਹੈ। ਉੱਧਰ ਹਰਭਜਨ ਸਿੰਘ ਨੇ ਇਸ ਸਬੰਧੀ ਕਿਹਾ ਕਿ ਹਾਲੇ ਕੁਝ ਵੀ ਤੈਅ ਨਹੀਂ।

ਹਰਭਜਨ ਸਿੰਘ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਬੀਜੇਪੀ ਵੱਲੋਂ ਅੰਮ੍ਰਿਤਸਰ ਸੀਟ ਤੋਂ ਚੋਣਾਂ ਲੜਨ ਦਾ ਆਫਰ ਮਿਲਿਆ ਹੈ ਪਰ ਉਨ੍ਹਾਂ ਕਿਹਾ ਕਿ ਹਾਲੇ ਕੁਝ ਵੀ ਤੈਅ ਨਹੀਂ। ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਦੀ ਬੀਜੇਪੀ ਦੇ ਆਹਲਾ ਲੀਡਰਾਂ ਨਾਲ ਗੱਲਬਾਤ ਨਹੀਂ ਹੋਈ।

38 ਸਾਲਾ ਹਰਭਜਨ ਸਿੰਘ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਇਹ ਸਿਆਸਤ ਵਿੱਚ ਸ਼ਾਮਲ ਹੋਣ ਦਾ ਸਹੀ ਸਮਾਂ ਹੈ ਜਾਂ ਨਹੀਂ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਚੋਣਾਂ ਲੜਨ ਦਾ ਮਨ ਬਣਾ ਵੀ ਲਿਆ ਤਾਂ ਉਨ੍ਹਾਂ ਕੋਲ ਤਿਆਰੀਆਂ ਕਰਨ ਲਈ ਬੇਹੱਦ ਘੱਟ ਸਮਾਂ ਹੈ।

ਯਾਦ ਰਹੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤਿੰਨ ਵਾਰ ਬੀਜੇਪੀ ਦੀ ਟਿਕਟ ’ਤੇ ਇੱਥੋਂ ਚੋਣ ਜਿੱਤ ਚੁੱਕੇ ਸਨ।