ਚੰਡੀਗੜ੍ਹ: ਹੁਣ ਤੱਕ ਉਮੀਦ ਸੀ ਕਿ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰਾਂ ਇੱਕਜੁੱਟ ਹੋ ਕੇ ਸਿਆਸੀ ਸਮੀਕਰਨ ਬਦਲ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੰਕਟ ਕਰਕੇ ਇਹੀ ਆਸ ਸੀ ਕਿ ਦੂਜੇ ਦਲ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਸੱਤਾਧਾਰੀ ਕਾਂਗਰਸ ਨੂੰ ਵਖਤ ਪਾ ਸਕਦੇ ਹਨ ਪਰ ਹੁਣ ਤੱਕ ਦੇ ਸਿਆਸੀ ਘਟਨਾਕ੍ਰਮ ਤੋਂ ਅਜਿਹਾ ਨਹੀਂ ਲੱਗਾ ਰਿਹਾ।

ਸ਼੍ਰੋਮਣੀ ਅਕਾਲੀ ਦਲ-ਬੀਜੇਪੀ ਗੱਠਜੋੜ ਤੇ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਵੱਡੀ ਧਿਰ ਹੈ ਪਰ ਅੰਦਰੂਨੀ ਪਾਟੋਧਾੜ ਕਰਕੇ ਉਹ ਪਿਛਲਾ ਇਤਿਹਾਸ ਦੁਰਹਾਉਣ ਦੇ ਕਾਬਲ ਨਹੀਂ। 'ਆਪ' ਦੂਜੀਆਂ ਧਿਰਾਂ ਨਾਲ ਰਲ ਕੇ ਟੱਕਰ ਦੇ ਸਕਦੀ ਸੀ ਪਰ ਹੈਰਾਨੀ ਦੀ ਗੱਲ ਹੈ ਕੇ ਕਿਸੇ ਵੀ ਧਿਰ ਨੇ ਉਸ ਨਾਲ ਹੱਥ ਨਹੀਂ ਮਿਲਾਇਆ। ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਮਗਰੋਂ ਇਕੱਲੇ ਹੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਸਿੱਧਾ ਲਾਹਾ ਕਾਂਗਰਸ ਨੂੰ ਮਿਲਣ ਦੇ ਕਿਆਸ ਹਨ।

ਦਰਅਸਲ ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੂਜਾ ਸਥਾਨ ਲੈ ਕੇ ਆਮ ਆਦਮੀ ਪਾਰਟੀ ਵੱਡੀ ਧਿਰ ਵਜੋਂ ਉੱਭਰੀ ਸੀ। ਬੇਸ਼ੱਕ ਉਸ ਮਗਰੋਂ ਪਾਰਟੀ ਵਿੱਚ ਫੁੱਟ ਪੈ ਗਈ ਤੇ ਸੱਤ ਵਿਧਾਇਕ ਬਾਗੀ ਹੋ ਗਏ। ਇਸ ਦੇ ਬਾਵਜੂਦ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੂਜੀਆਂ ਧਿਰਾਂ ਨਾਲੋਂ ਵੱਧ ਆਧਾਰ ਰੱਖਦੀ ਹੈ। ਮੰਨਿਆ ਜਾ ਰਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਹੋਰ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰ ਲੈਂਦੀ ਤਾਂ ਪੰਜਾਬ ਵਿੱਚ ਸਿਆਸੀ ਸਮੀਕਰਨ ਬਦਲ ਸਕਦੇ ਹਨ।

ਇਸ ਵੇਲੇ 'ਆਪ' ਤੋਂ ਵੱਖ ਹੋਏ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਬਸਪਾ, ਧਰਮਵੀਰ ਗਾਂਧੀ ਤੇ ਦੋ ਖੱਬੇਪੱਖੀ ਧਿਰਾਂ ਨੇ ਮਿਲ ਕੇ ਗੱਠਜੋੜ ਬਣਾਇਆ ਹੈ। ਬੇਸ਼ੱਕ ਗੱਠਜੋੜ ਕੋਲ ਚੰਗੇ ਅਕਸ ਵਾਲੇ ਲੀਡਰ ਹਨ ਪਰ ਵੋਟ ਬੈਂਕ ਖਿੰਡਿਆ ਹੋਣ ਕਰਕੇ ਵਿਰੋਧੀਆਂ ਨੂੰ ਟੱਕਰ ਦੇਣਾ ਸੰਭਵ ਨਹੀਂ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਵੱਖ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੀ ਇਸ ਗੱਠਜੋੜ ਤੋਂ ਲਾਂਭੇ ਹੋ ਗਿਆ ਹੈ। ਬਰਗਾੜੀ ਮੋਰਚਾ ਦੇ ਲੀਡਰ ਵੀ ਆਪਣੇ ਤੌਰ 'ਤੇ ਚੋਣ ਲੜ ਰਹੇ ਹਨ। ਇਸ ਨਾਲ ਵੀ ਪੰਥਕ ਵੋਟ ਵੰਡੀ ਜਾਏਗੀ।

ਸਿਆਸੀ ਮਾਹਿਰਾਂ ਮੁਤਾਬਕ ਜੇਕਰ ਆਮ ਆਦਮੀ ਪਾਰਟੀ ਇਨ੍ਹਾਂ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰ ਲੈਂਦੀ ਤਾਂ ਸਿਆਸੀ ਸਮੀਕਰਨ ਬਦਲ ਸਕਦੇ ਸੀ। ਅਜਿਹਾ ਨਾ ਹੋਣ ਕਾਰਨ ਸੱਤਾ ਵਿਰੋਧੀ ਵੋਟ ਵੰਡੀ ਜਾਵੇਗੀ ਜਿਸ ਦਾ ਫਾਇਦਾ ਕਾਂਗਰਸ ਨੂੰ ਹੋਏਗਾ। ਹੁਣ ਤੱਕ ਆਏ ਸਰਵੇਖਣ ਵੀ ਇਹੀ ਦੱਸ਼ਦੇ ਹਨ ਕਿ ਕਾਂਗਰਸ 13 ਵਿੱਚ 11-12 ਸੀਟਾਂ 'ਤੇ ਕਬਜ਼ਾ ਕਰ ਸਕਦੀ ਹੈ।