ਹਰਿਮੰਦਰ ਸਾਹਿਬ ਆਉਣ ਵਾਲੇ ਵਿਦੇਸ਼ੀਆਂ ਦੀ ਰਿਕਾਰਡ ਗਿਣਤੀ
ਏਬੀਪੀ ਸਾਂਝਾ | 04 Sep 2017 01:37 PM (IST)
ਅੰਮ੍ਰਿਤਸਰ: ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਹੋਏ ਜ਼ਬਰਦਸਤ ਵਾਧੇ ਦੇ ਚੱਲਦਿਆਂ ਪੰਜਾਬ ਵਿਦੇਸ਼ੀ ਸੈਲਾਨੀਆਂ ਵੱਲੋਂ ਪਸੰਦ ਕੀਤਾ ਜਾਣ ਵਾਲਾ ਭਾਰਤ ਦਾ 10ਵਾਂ ਸੂਬਾ ਬਣ ਗਿਆ ਹੈ। ਸੂਬਾ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਕੋਈ ਠੋਸ ਕਦਮ ਨਾ ਚੁੱਕੇ ਜਾਣ ਦੇ ਬਾਵਜੂਦ ਲੋਕ ਵੱਡੀ ਗਿਣਤੀ ਵਿੱਚ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚ ਰਹੇ ਹਨ। ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਦੀ ਬਦੌਲਤ ਹੀ ਪੰਜਾਬ ਨੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਮੱਧ ਪ੍ਰਦੇਸ਼, ਗੁਜਰਾਤ, ਅੰਡੇਮਾਨ ਨਿਕੋਬਾਰ, ਆਸਾਮ ਵਰਗੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਦੇਸ਼ ਦੇ ਸੈਰ ਸਪਾਟਾ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2016 ਵਿੱਚ ਪੰਜਾਬ ਵਿੱਚ ਕੁੱਲ 6,59,736 ਵਿਦੇਸ਼ ਸੈਲਾਨੀ ਘੁੰਮਣ ਲਈ ਆਏ ਸਨ। ਸੂਚੀ ਮੁਤਾਬਕ ਤਾਮਿਲਨਾਡੂ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਪਿਛਲੇ ਸਾਲ 47,21,978 ਵਿਦੇਸ਼ ਸੈਲਾਨੀ ਆਏ ਸਨ। ਇਸੇ ਤਰ੍ਹਾਂ 46,70,049 ਸੈਲਾਨੀਆਂ ਦੀ ਆਮਦ ਨਾਲ ਮਹਾਰਾਸ਼ਟਰ ਦੂਜੇ ਨੰਬਰ 'ਤੇ, 31,56,812 ਸੈਲਾਨੀਆਂ ਨਾਲ ਉੱਤਰ ਪ੍ਰਦੇਸ਼ ਤੀਜੇ ਨੰਬਰ 'ਤੇ, ਦਿੱਲੀ ਚੌਥੇ ਨੰਬਰ 'ਤੇ, ਪੱਛਮੀ ਬੰਗਾਲ ਪੰਜਵੇਂ, ਰਾਜਸਥਾਨ ਛੇਵੇਂ, ਕੇਰਲ ਸੱਤਵੇਂ, ਬਿਹਾਰ ਅੱਠਵੇਂ, ਗੋਆ ਨੌਵੇਂ ਨੰਬਰ 'ਤੇ ਪੁੱਜਾ ਹੈ। ਉਕਤ ਲਿਸਟ ਮੁਤਾਬਕ ਸਿਟੀ ਬਿਊਟੀਫੁਲ ਚੰਡੀਗੜ੍ਹ 25ਵੇਂ ਸਥਾਨ 'ਤੇ ਆਇਆ ਹੈ। ਜੰਮੂ-ਕਸ਼ਮੀਰ ਵਿੱਚ ਹਾਲਾਤ ਠੀਕ ਨਾ ਹੋਣ ਕਰਕੇ ਜ਼ਿਆਦਾ ਵਿਦੇਸ਼ੀ ਸੈਲਾਨੀ ਉੱਥੇ ਜਾਣ ਲਈ ਤਿਆਰ ਨਹੀਂ ਹਨ। ਇਸ ਦੇ ਨਾਲ ਹੀ ਆਪਣੀ ਸੁੰਦਰਤਾ ਲਈ ਜਾਣਿਆ ਜਾਂਦਾ ਹਿਮਾਚਲ ਪ੍ਰਦੇਸ਼ 12ਵੇਂ ਨੰਬਰ 'ਤੇ ਹੈ। ਹਰਿਮੰਦਰ ਸਾਹਿਬ ਤੋਂ ਮਿਲੀ ਜਾਣਕਾਰੀ ਮੁਤਾਬਕ ਹਰ ਰੋਜ਼ ਇੱਕ ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ ਤੇ ਉਨ੍ਹਾਂ ਵਿੱਚੋਂ 2000 ਵਿਦੇਸ਼ੀ ਸੈਲਾਨੀ ਹੁੰਦੇ ਹਨ।