ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਹੋਰ ਝਟਕਾ ਲੱਗਾ ਹੈ। ਬਾਦਲ ਧੜੇ ਨੂੰ ਮਾਤ ਦਿੰਦਿਆਂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਉੱਤੇ ਇੱਕ ਵਾਰ ਮੁੜ ਸਰਨਾ ਧੜੇ ਦਾ ਮੁਕੰਮਲ ਕਬਜ਼ਾ ਹੋ ਗਿਆ ਹੈ। ਕਮੇਟੀ ਦੀ ਚੋਣ ਵਿੱਚ ਹਰਵਿੰਦਰ ਸਿੰਘ ਸਰਨਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੀ ਚੋਣ ਵਿੱਚ ਹਰਵਿੰਦਰ ਸਿੰਘ ਸਰਨਾ ਪ੍ਰਧਾਨ, ਸ਼ੇਲਿੰਦਰਜੀਤ ਸਿੰਘ ਟਾਟਾ ਨਗਰ ਸੀਨੀਅਰ ਮੀਤ ਪ੍ਰਧਾਨ, ਬੀਬੀ ਕਮਲਜੀਤ ਕੌਰ ਜੂਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਜਨਰਲ ਸਕੱਤਰ ਤੇ ਮਹਿੰਦਰ ਸਿੰਘ ਛਾਬੜਾ ਸਕੱਤਰ ਚੁਣੇ ਗਏ ਹਨ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਦਿੱਲੀ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਕਿ ਇਹ ਚੋਣ ਸਰਵਸੰਮਤੀ ਨਾਲ ਹੋਈ ਹੈ। ਚੋਣ ਦੌਰਾਨ ਪਹਿਲਾਂ ਦੂਜੀ ਧਿਰ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਇੱਕ ਨਾਂ ਦੀ ਤਜਵੀਜ਼ ਕੀਤੀ ਗਈ ਸੀ ਪਰ ਸਬੰਧਤ ਮੈਂਬਰ ਨੇ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਚੋਣ ਸਰਵਸੰਮਤੀ ਨਾਲ ਨੇਪਰੇ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਭੋਪਾਲ ਤੇ ਲਖਨਊ ਤੋਂ ਵੀ ਇੱਕ-ਇੱਕ ਮੈਂਬਰ ਗੈਰ ਹਾਜ਼ਰ ਸੀ। ਇੱਕ ਮੈਂਬਰ ਦੀ ਮੌਤ ਹੋ ਚੁੱਕੀ ਹੈ। ਕਮੇਟੀ ਦੇ ਕੁੱਲ 15 ਮੈਂਬਰਾਂ ਵਿਚੋਂ 11 ਮੈਂਬਰ ਚੋਣ ਮੀਟਿੰਗ ਵਿੱਚ ਸ਼ਾਮਲ ਹੋਏ।