Punjab Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਾਲਾਤ ਇਹ ਰਹੇ ਕਿ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ। ਸੜਕਾਂ ਉੱਪਰ ਗੱਡੀਆਂ ਕੀੜੀਆਂ ਦੀ ਰਫਤਾਰ ਚੱਲਣ ਲੱਗੀਆਂ। ਰੇਲਵੇ ਤੇ ਹਵਾਈ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਪਟਿਆਲਾ ਤੇ ਅੰਬਾਲਾ ਵਿੱਚ 25 ਮੀਟਰ ਤੇ ਹਿਸਾਰ ਵਿੱਚ 50 ਮੀਟਰ ਵਿਜ਼ੀਬਿਲਟੀ ਰਹੀ।
ਇਸ ਕਾਰਨ ਏਅਰ ਇੰਡੀਆ ਨੇ ਸਵੇਰੇ 6.10 ਵਜੇ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਤੇ ਸਵੇਰੇ 6.50 ਵਜੇ ਅੰਮ੍ਰਿਤਸਰ ਤੋਂ ਦਿੱਲੀ ਆਉਣ ਵਾਲੀ ਫਲਾਈਟ ਨੂੰ ਰੱਦ ਕਰ ਦਿੱਤਾ। ਕੁਝ ਉਡਾਣਾਂ ਵਿੱਚ ਦੇਰੀ ਵੀ ਹੋਈ। ਪੰਜਾਬ ਤੇ ਹਰਿਆਣਾ ਵਿੱਚ ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਸੀਤ ਲਹਿਰ ਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਫਿਲਹਾਲ ਰਾਹਤ ਨਹੀਂ ਮਿਲੇਗੀ। ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਦੋ ਦਿਨਾਂ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ। ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਇੱਥੇ ਸਵੇਰੇ ਵਿਜ਼ੀਬਿਲਟੀ 25 ਮੀਟਰ ਤੋਂ ਵੀ ਘੱਟ ਸੀ। ਪੰਜਾਬ 'ਚ ਸਟੇਟ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਸੰਦੇਸ਼ ਭੇਜੇ ਗਏ ਹਨ, ਜਿਸ 'ਚ ਮੰਗਲਵਾਰ ਦੁਪਹਿਰ 3.30 ਵਜੇ ਤੱਕ ਸਥਿਤੀ ਖਰਾਬ ਰਹਿਣ ਦੀ ਸੰਭਾਵਨਾ ਹੈ।
ਉਧਰ, ਹਰਿਆਣਾ ਦੇ 8 ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਧੁੰਦ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਸੋਨੀਪਤ, ਪਾਣੀਪਤ, ਸਿਰਸਾ, ਫਤਿਹਾਬਾਦ ਤੇ ਜੀਂਦ ਸ਼ਾਮਲ ਹਨ। ਇੱਥੇ ਵਿਜ਼ੀਬਿਲਟੀ ਲਗਪਗ 25 ਮੀਟਰ ਹੈ। ਜੀਟੀ ਬੈਲਟ 'ਤੇ ਪੈਂਦੇ ਜ਼ਿਲ੍ਹਿਆਂ 'ਚ ਤਾਪਮਾਨ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ।
ਅੱਜ ਚੰਡੀਗੜ੍ਹ ਵਿੱਚ ਕੋਲਡ ਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਤਾਪਮਾਨ 4 ਤੋਂ 15 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਧੁੰਦ ਨੂੰ ਲੈ ਕੇ ਅੱਜ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਵੀ ਧੁੱਪ ਨਿਕਲਣ ਦੀ ਸੰਭਾਵਨਾ ਘੱਟ ਹੈ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਅੱਜ ਤਾਪਮਾਨ 5 ਤੋਂ 12 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjab News: ਸੜਕ ਹਾਦਸਿਆਂ ਨਾਲ ਮੌਤਾਂ 'ਚ ਕਮੀ, ਅਜੇ ਵੀ ਪੰਜਾਬ ਨੂੰ ਹਰ ਸਾਲ 21,000 ਕਰੋੜ ਦਾ ਨੁਕਸਾਨ
ਇਸੇ ਤਰ੍ਹਾਂ ਜਲੰਧਰ ਵਿੱਚ ਵੀ ਧੁੰਦ ਨੂੰ ਲੈ ਕੇ ਅੱਜ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਧੁੱਪ ਨਿਕਲਣ ਦੀ ਕੋਈ ਸੰਭਾਵਨਾ ਨਹੀਂ। ਤਾਪਮਾਨ 5 ਤੋਂ 12 ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿੱਚ ਕਮੀ ਆਵੇਗੀ। ਤਾਪਮਾਨ 3 ਤੋਂ 13 ਡਿਗਰੀ ਦੇ ਵਿਚਕਾਰ ਰਹੇਗਾ।
ਇਹ ਵੀ ਪੜ੍ਹੋ: AAP-Congress Alliance: ਆਖਰ 'ਆਪ' ਤੇ ਕਾਂਗਰਸ ਇਕਜੁੱਟ! ਤਾਨਾਸ਼ਾਹੀ ਤਾਕਤਾਂ ਨੂੰ ਮਾਤ ਦੇਣ ਲਈ ਪੂਰਾ ਦੇਸ਼ ਇਕਜੁੱਟ ਹੋਵੇਗਾ: ਜਰਨੈਲ ਸਿੰਘ