ਚੰਡੀਗੜ੍ਹ: ਸਿੱਖ ਫਾਰ ਜਸਟਿਸ ਵੱਲੋਂ ਅੱਜ ਪੰਜਾਬ ਅੰਦਰ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਸੁਰੱਖਿਆ ਤੇ ਖੁਫੀਆਂ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਪੰਜਾਬ ਪੁਲਿਸ ਵੱਲੋਂ ਰਾਜ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਗ੍ਹਾ- ਜਗ੍ਹਾ 'ਤੇ ਨਾਕਾਬੰਦੀ ਵੀ ਕੀਤੀ ਗਈ ਹੈ।


ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਸਖਤ ਸਖਤੀ ਕਰਨ ਦੇ ਬਾਵਜੂਦ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂੰ ਲਗਾਤਾਰ ਖਾਲਿਸਤਾਨੀ ਮੁਹਿੰਮ ਨੂੰ ਹਵਾ ਦੇ ਰਿਹਾ ਹੈ। ਉਸ ਨੇ 31 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਬੇਸ਼ੱਕ ਪੰਨੂੰ ਦੇ ਸੱਦੇ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਸੀ ਪਰ ਸੁਰੱਖਿਆ ਏਜੰਸੀਆਂ ਅਲਰਟ 'ਤੇ ਰਹੀਆਂ ਸੀ।

ਇਸ ਮਗਰੋਂ ਪੰਨੂੰ ਨੇ ਕਿਸਾਨਾਂ ਦੇ ਕਰਜ਼ੇ ਅਦਾ ਕਰਨ ਦਾ ਐਲਾਨ ਕੀਤਾ ਸੀ। ਇਸ ਕੜੀ ਤਹਿਤ 13 ਸਤੰਬਰ ਨੂੰ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ। ਸਰਕਾਰੀ ਸੂਤਰਾਂ ਮੁਤਾਬਕ ਪੰਨੂੰ ਦੇ ਐਲਾਨ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਫਿਰ ਵੀ ਅੱਜ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹਨ।

ਦੂਜੇ ਪਾਸੇ ਪੰਨੂ ਦੀਆਂ ਸਰਗਰਮੀਆਂ ਤੋਂ ਬਾਅਦ ਕੇਂਦੀ ਏਜੰਸੀ ਐਨਆਈਏ ਵੱਲੋਂ ਉਸ ਦੀ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ 46 ਕਨਾਲ ਤੇ ਸੁਲਤਾਨਵਿੰਡ ਪਿੰਡ ਵਿੱਚ 11 ਕਨਾਲ 13.5 ਮਰਲੇ ਜ਼ਮੀਨ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਹਨ।