ਚੰਡੀਗੜ੍ਹ: ਪੰਜਾਬ ਸਰਕਾਰ ਨਸ਼ੇ ਛਡਾਉਣ ਬਾਰੇ ਬਣੇ ਸਾਰੇ ਰੀ-ਹੈਬਲੀਟੇਸ਼ਨ ਸੈਂਟਰਾਂ ਨੂੰ ਹਸਪਤਾਲ ਦਾ ਦਰਜਾ ਦੇਣ ਜਾ ਰਹੀ ਹੈ। ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ 'ਏਬੀਪੀ ਸਾਂਝਾ' ਨੂੰ ਇਹ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਇਸ ਤਰ੍ਹਾਂ ਅਕਾਲੀ ਸਰਕਾਰ ਵੱਲੋਂ ਬਣਾਏ ਗਏ ਇਨ੍ਹਾਂ ਰੀ-ਹੈਬਲੀਟੇਸ਼ਨ ਸੈਂਟਰਾਂ ਦੀ ਕਾਇਆ ਕਲਪ ਹੋਏਗੀ।   ਅਧਿਕਾਰੀ ਮੁਤਾਬਕ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਨ ਤਾਰਨ ਦੇ ਡੈਪੋ ਪ੍ਰੋਗਰਾਮ ਦੌਰਾਨ ਇਸ ਦਾ ਐਲਾਨ ਕਰ ਸਕਦੇ ਹਨ। ਡੈਪੋ ਪ੍ਰੋਗਰਾਮ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੱਧੂ ਨੇ ਚਲਾਇਆ ਸੀ। ਇਸ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ। ਸੀਨੀਅਰ ਅਫਸਰ ਮੁਤਾਬਕ 23 ਰੀ-ਹੈਬਲੀਟੇਸ਼ਨ ਸੈਂਟਰ ਇੱਕ ਤਰ੍ਹਾਂ ਫ਼ੇਲ੍ਹ ਹੋ ਚੁੱਕੇ ਹਨ ਕਿਉਂਕਿ ਨਸ਼ੇੜੀਆਂ ਦੇ ਪਰਿਵਾਰ ਸਮਾਜਕ ਬਦਨਾਮੀ ਤੋਂ ਡਰਦੇ ਸੈਂਟਰਾਂ ਵਿੱਚ ਨਸ਼ੇੜੀਆਂ ਨੂੰ ਦਾਖ਼ਲ ਹੀ ਨਹੀਂ ਕਰਵਾਉਂਦੇ। ਇਸ ਕਰਕੇ ਹੁਣ ਹਸਪਤਾਲਾਂ ਵਿੱਚ ਹੀ ਨਸ਼ੇ ਵਾਲਿਆਂ ਲਈ ਵਾਰਡ ਬਣਾਏ ਜਾਣਗੇ। ਯਾਦ ਰਹੇ ਅਕਾਲੀ ਦਲ ਦੀ ਸਰਕਾਰ ਸਮੇਂ 22 ਨਵੇਂ ਰੀ-ਹੈਬਲੀਟੇਸ਼ਨ ਸੈਂਟਰ ਬਣੇ ਸਨ ਜੋ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਇਸ ਵੇਲੇ 33 ਡੀ-ਐਡਿਕਸ਼ਨ ਤੇ 5 ਮਾਡਲ ਡੀ-ਐਡਿਕਸ਼ਨ ਸੈਂਟਰ ਵੀ ਹਨ। ਇੱਕ ਨਵੇਂ ਪ੍ਰੋਗਰਾਮ ਤਹਿਤ ਸਰਕਾਰ ਨਸ਼ੇੜੀਆਂ ਨੂੰ ਘਰ ਹੀ ਇਲਾਜ ਦੇਣ ਦੀ ਸਕੀਮ ਬਾਰੇ ਵੀ ਸੋਚ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਨਸ਼ੇੜੀਆਂ ਦਾ ਇਲਾਜ ਕੀਤਾ ਜਾ ਸਕੇ।