ਚੰਡੀਗੜ੍ਹ: ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਬਹੁਕਰੋੜੀ ਡਰੱਗਜ਼ ਰੈਕਟ ਮਾਮਲੇ ਵਿੱਚ   ED ਦੀ ਸੀਲ ਬੰਦ ਰਿਪੋਰਟ ਖੋਲੇ ਜਾਣ ਦੀ ਮੰਗ ਨੂੰ ਲੈ ਕੇ ਅਰਜ਼ੀ ਦਾਖਲ ਕੀਤੀ ਗਈ ਹੈ।ਅਰਜ਼ੀ ਵਿੱਚ ਅਕਾਲੀ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮਜੀਤ ਮਜੀਠੀਆ ਦੇ ਬਾਰੇ STF ਦੀ ਟਿੱਪਣੀ ਤੇ ਪੰਜਾਬ ਦੇ ਤਤਕਾਲੀ ਗ੍ਰਹਿ ਸਕੱਤਰ ਅਤੇ ਡੀਜੀਪੀ ਦੇ ਓਪੀਨੀਅਨ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਹੈ।


ਜਾਣਕਾਰੀ ਮੁਤਾਬਿਕ ਇਹ ਓਪੀਨੀਅਨ 23 ਮਾਰਚ 2018 ਨੂੰ ਹਾਈ ਕੋਰਟ 'ਚ ਇੱਕ ਸੀਲ ਬੰਦ ਲਿਫਾਫੇ ਵਿੱਚ ਸੌਂਪਿਆ ਗਿਆ ਸੀ।ਵਕੀਲ ਨਵਕਿਰਨ ਸਿੰਘ ਦੀ ਅਰਜ਼ੀ ਤੇ ਸ਼ੁਕਰਵਾਰ ਨੂੰ ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਅਜੇ ਤਿਵਾੜੀ ਦੇ ਵਿਸ਼ੇਸ਼ ਬੈਂਚ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ।ਹੁਣ ਇਸ ਮਾਮਲੇ ਵਿੱਚ ਮੁੱਖ ਪਟੀਸ਼ਨ ਦੇ ਨਾਲ 15 ਨਵੰਬਰ ਨੂੰ ਸੁਣਵਾਈ ਤੈਅ ਕੀਤੀ ਗਈ ਹੈ।


ਜ਼ਿਕਰਯੋਗ ਹੈ ਕਿ ED ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਡਰੱਗ ਰੈਕਟ ਮਾਮਲੇ ਵਿੱਚ ਬਿਕਰਮ ਮਜੀਠੀਆ ਤੋਂ ਹੋਰ ਪੁੱਛ ਗਿੱਛ ਦੀ ਲੋੜ ਹੈ।ED ਦੀ ਰਿਪੋਰਟ ਤੇ ਪੰਜਾਬ ਦੀ STF ਨੇ ਵੀ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਦੀ ਲੋੜ ਹੈ।ਇਸ ਤੇ ਵੀ ਉਦੋਂ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਸੀ।ਜਿਸ ਮਗਰੋਂ ਪੰਜਾਬ ਸਰਕਾਰ ਨੇ ਇੱਕ ਸੀਲ ਬੰਦ ਲਿਫਾਫੇ ਵਿੱਚ ਆਪਣਾ ਓਪੀਨੀਅਨ ਦਿੱਤਾ ਸੀ, ਪਰ ਇਸ ਮਾਮਲੇ ਵਿੱਚ ਅੱਗੇ ਜਾਂਚ ਨਹੀਂ ਹੋ ਸਕੀ ਸੀ।