Punjab News: ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਨਾ ਚੱਲਣ ਦੇਣ 'ਤੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੀਐਮ ਮਾਨ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ 26 ਜਨਵਰੀ ਦੀ ਪਰੇਡ 'ਚ ਭਾਜਪਾ ਸ਼ਾਸਤ ਰਾਜਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਗਈ। ਪਰੇਡ ਦਾ ਭਗਵਾ ਰੰਗ ਹੋ ਗਿਆ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੀਐਮ ਮਾਨ ਦੇ ਦੋਸ਼ਾਂ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਝਾਂਕੀ ਨੂੰ ਰੱਦ ਕਰਨ ਦਾ ਅਸਲ ਕਾਰਨ ਇਹ ਹੈ ਕਿ ਇਸ ਵਿੱਚ ਮਾਈ ਭਾਗੋ ਜੀ ਜਾਂ ਸ਼ਹੀਦਾਂ ਦੀ ਥਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਤਸਵੀਰਾਂ ਪ੍ਰਮੁੱਖਤਾ ਨਾਲ ਦਿਖਾਈਆਂ ਗਈਆਂ ਹਨ।
ਇਸ ਮਾਮਲੇ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੀ.ਐਮ ਮਾਨ 'ਤੇ ਝੂਠ ਬੋਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਪ੍ਰਭੂਸੱਤਾ ਕੇਜਰੀਵਾਲ ਦੇ ਪੈਰੀਂ ਸੌਂਪ ਦਿੱਤੀ ਹੈ। ਪੰਜਾਬ 'ਚ ਬਦਲਾਅ ਦੇ ਨਾਂ 'ਤੇ ਪੰਜਾਬ ਨੂੰ ਕੇਜਰੀਵਾਲ ਦਾ ਗੁਲਾਮ ਬਣਾ ਦਿੱਤਾ ਗਿਆ ਹੈ।
CM ਮਾਨ ਨੇ ਕੀ ਕਿਹਾ?
ਜਦੋਂ 26 ਜਨਵਰੀ ਨੂੰ ਪਰੇਡ ਵਿੱਚ ਪੰਜਾਬ ਦੀ ਝਾਂਕੀ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਇਸ ਵਾਰ ਝਾਕੀ ਲਿਆਵੇਗਾ ਜਾਂ ਨਹੀਂ। ਇਸ ’ਤੇ ਕੇਂਦਰ ਸਰਕਾਰ ਨੂੰ 4 ਅਗਸਤ ਨੂੰ ਪੱਤਰ ਲਿਖ ਕੇ ਝਾਂਕੀ ਲਾਉਣ ਦੀ ਇੱਛਾ ਪ੍ਰਗਟਾਈ ਸੀ। 3 ਡਿਜ਼ਾਈਨ ਵੀ ਭੇਜੇ ਗਏ ਸਨ। ਇੱਕ ਡਿਜ਼ਾਇਨ ਵਿੱਚ ਪੰਜਾਬ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਇਤਿਹਾਸ ਨੂੰ ਦਰਸਾਇਆ ਗਿਆ ਸੀ, ਦੂਜੇ ਵਿੱਚ ਮਾਈ ਭਾਗੋ ਪਹਿਲੀ ਮਹਿਲਾ ਯੋਧਾ ਅਤੇ ਤੀਜੇ ਵਿੱਚ ਪੰਜਾਬ ਦੇ ਅਮੀਰ ਵਿਰਸੇ ਅਤੇ ਇਤਿਹਾਸ ਨੂੰ ਦਰਸਾਇਆ ਗਿਆ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਪੰਜਾਬ ਦੀਆਂ 3 ਮੀਟਿੰਗਾਂ ਵੀ ਹੋਈਆਂ ਪਰ ਫਿਰ ਵੀ ਉਸ ਨੂੰ 26 ਜਨਵਰੀ ਦੀ ਪਰੇਡ ਵਿਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਦਿੱਲੀ ਨੂੰ ਵੀ ਪਰੇਡ ਵਿੱਚ ਝਾਂਕੀ ਕੱਢਣ ਦੀ ਇਜਾਜ਼ਤ ਨਹੀਂ ਮਿਲੀ। ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।