Jalandhar News: ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਘੇਰਦਿਆਂ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਉਨ੍ਹਾਂ ਦੇ ਹਲਕੇ ਕੋਟਕਪੂਰਾ ਦੇ ਵਪਾਰੀਆਂ ਨੂੰ ਸ਼ਹਿਰ ਬੰਦ ਕਰਕੇ ਰੋਸ ਜ਼ਾਹਿਰ ਕਰਨਾ ਪਿਆ। 


ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਕਿ....


ਇੱਕ ਮਹੀਨੇ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਖੜ੍ਹੇ ਹੋ ਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ "ਕਾਨੂੰਨ ਵਿਵਸਥਾ" ਸਮੇਤ ਗੰਭੀਰ ਮਸਲਿਆਂ ਤੇ ਚਰਚਾ ਕਰਵਾਉਣ ਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਲਈ ਸਮਾਂ ਮੰਗ ਰਹੀ ਸੀ, ਸੈਸ਼ਨ ਵਧਾਉਣ ਦੀ ਬੇਨਤੀ ਕਰ ਰਹੀ ਸੀ। ਅੱਜ ਸਪੀਕਰ ਸਾਬ੍ਹ ਦੇ ਹਲਕੇ ਕੋਟਕਪੂਰਾ ਦੇ ਵਪਾਰੀਆਂ ਨੂੰ ਸ਼ਹਿਰ ਬੰਦ ਕਰ ਕੇ ਰੋਸ ਜ਼ਾਹਿਰ ਕਰਨਾ ਪਿਆ, ਕਿਉਂਕਿ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਰਿਹਾ ਹੈ।


ਸਪੀਕਰ ਜੀ, DGP ਨੂੰ ਸਿਰਫ਼ ਆਪਣੇ ਹਲਕੇ ਦੇ ਹਾਲਾਤਾਂ ਬਾਰੇ ਲਿਖਣ ਦੀ ਬਜਾਏ ਪੂਰੇ ਪੰਜਾਬ ਲਈ ਲਿਖੋ, ਆਪਣੀ ਕੁਰਸੀ ਦੀ ਤਾਕਤ ਵਰਤ ਵਿਧਾਨ ਸਭਾ ਸੈਸ਼ਨ ਬੁਲਾਓ, ਤਾਂ ਜੋ ਸਾਰੇ ਵਿਧਾਇਕ ਆਪਣੇ ਹਲਕਿਆਂ ਦੀ ਕਾਨੂੰਨ ਵਿਵਸਥਾ ਤੇ ਸਰਕਾਰ ਦਾ ਧਿਆਨ ਕੇਂਦਰਿਤ ਕਰ ਸਕਣ।


 






ਦੱਸ ਦਈਏ ਕਿ ਖਰਾਬ‌ ਹੋ ਰਹੀ ਅਮਨ-ਕਾਨੂੰਨ ਦੀ ਸਥਿਤੀ ਤੇ ਕੋਟਕਪੂਰੇ ‘ਚ ਵਾਪਰੀਆਂ‌ ’ਤੇ ਹੋਏ‌ ਜਾਨ ਲੇਵਾ ਹਮਲਿਆਂ ਦੇ ਵਿਰੋਧ ਵਿੱਚ ਵੀਰਵਾਰ  ਨੂੰ ਕੋਟਕਪੂਰਾ ਵਪਾਰ ਮੰਡਲ ਵੱਲੋਂ ਕੋਟਕਪੂਰਾ ਬੰਦ‌ ਦੇ ਸੱਦੇ ਉੱਤੇ ਕੋਟਕਪੂਰਾ ਸ਼ਹਿਰ ਮੁਕੰਮਲ ਬੰਦ‌ ਰਿਹਾ।‌ ਵਪਾਰੀਆਂ ਨੇ ਪੰਜਾਬ ਸਰਕਾਰ ਤੇ‌ ਪੁਲਿਸ ਖ਼ਿਲਾਫ਼ ਕੋਟਕਪੂਰਾ ਦੇ ਢੋਡਾ ਚੌਕ ਵਿਖੇ ਧਰਨਾ ਦਿੱਤਾ। 


ਚੈਂਬਰ ਆਫ ਕਾਮਰਸ ਇੰਡਸਟਰੀਜ਼ ਦੇ ਪ੍ਰਧਾਨ ਉਂਕਾਰ ਗੋਇਲ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਵਪਾਰੀਆਂ ਦੇ ਇਕੱਠ ਇਸ ਗੱਲ ’ਤੇ ਚਿੰਤਾ‌ ਪ੍ਰਗਟਾਈ ਗਈ ਕਿ ਪੰਜਾਬ‌ ਤੇ ਕੋਟਕਪੂਰਾ‌ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖ਼ਰਾਬ‌ ਹੋ ਗਈ ਹੈ ਤੇ ਪੁਲੀਸ ਸ਼ਿੱਦਤ ਨਾਲ ਕੰਮ ਨਹੀਂ ਕਰ ਰਿਹਾ। ਉਂਕਾਰ ਗੋਇਲ ਨੇ ਆਖਿਆ ਕਿ ਰੋਜ਼ ਸ਼ਰਾਰਤੀ ਅਨਸਰਾਂ ਵੱਲੋਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ‌ ਹੈ ਤੇ ਥਾਣਿਆਂ ਵਿੱਚ ਆਮ ਲੋਕਾਂ ਦੀ ਸੁਣਵਾਈ ਨਹੀਂ ਰਹੀ। 


ਲੋਕਾਂ ਵਿੱਚ ਰੋਸ ਵਧਦਾ ਵੇਖ ਐਸਐਸਪੀ ਫਰੀਦਕੋਟ ਹਰਜੀਤ ਸਿੰਘ, ਡੀਐਸਪੀ ਸ਼ਮਸ਼ੇਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਸ਼ਨਕਾਰੀਆਂ ਦੇ‌ ਗੁੱਸੇ ਨੂੰ ਸ਼ਾਂਤ ਕਰਨ‌ ਦੀ ਕੋਸ਼ਿਸ਼ ਕੀਤੀ। ਐਸਐਸਪੀ ਹਰਜੀਤ ਸਿੰਘ ਨੇ ਆਖਿਆ ਕਿ ਹੋ ਸਕਦਾ ਹੈ ਉਨ੍ਹਾਂ ਵੱਲੋਂ ਕਮੀਆਂ ਹੋਣ‌ ਪਰ ਹੁਣ ਪੁਲਿਸ ਪੂਰੀ ਸ਼ਿੱਦਤ ਨਾਲ ਕੰਮ‌ ਕਰੇਗੀ। ਕਿਸੇ ਮੁਲਾਜ਼ਮ ਨੂੰ ਬਦਲਣ ਦੀ ਲੋੜ ਪਈ ਤਾਂ ਬਦਲ ਦਿੱਤਾ ਜਾਵੇਗਾ। 


ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ‌‌ ’ਤੇ ਐਸਪੀ ਫਰੀਦਕੋਟ, ਕੋਟਕਪੂਰਾ ਸਿਟੀ ਥਾਣੇ ਵਿੱਚ ਬੈਠਿਆਂ ਕਰਨਗੇ।‌ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ। ਇਕੱਠ ਵਿੱਚ ਲੋਕਾਂ ਵੱਲੋਂ ਥਾਣਾ‌ ਸਿਟੀ ਦੇ ਐਸਐਚਓ ਨੂੰ ਬਦਲਣ ਦੇ ਨਾਅਰੇ ਲਾਏ ਗਏ।‌ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਡੀਜੀਪੀ ਪੰਜਾਬ ਨੂੰ ਤਲਬ ਕਰਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਕਰਨ ਦੀ ਹਦਾਇਤ ਕੀਤੀ।