ਸੰਗਰੂਰ: 75 ਘੰਟਿਆਂ ਬਾਅਦ ਵੀ ਮਿਸ਼ਨ ਫ਼ਤਹਿ ਸੰਪੂਰਨ ਨਹੀਂ ਹੋ ਸਕਿਆ। ਬੇਸ਼ੱਕ ਇਹ ਮਿਸ਼ਨ ਆਖ਼ਰੀ ਪੜਾਅ 'ਤੇ ਹੈ ਪਰ ਬੱਚੇ ਨੂੰ ਬਾਹਰ ਕੱਢਣ ਲਈ ਨਵੇਂ ਪੁੱਟੇ ਬੋਰ ਵਿੱਚ ਉੱਤਰੀ ਐਨਡੀਆਰਐਫ ਦੀ ਟੀਮ ਸਾਹਮਣੇ ਨਵੀਂ ਮੁਸ਼ਕਿਲ ਆ ਗਈ ਹੈ। ਦੋ ਸਾਲ ਦਾ ਫ਼ਤਹਿਵੀਰ ਬੋਰਵੈੱਲ ਵਿੱਚ ਡਿਗਣ ਮਗਰੋਂ ਚੌਥੇ ਦਿਨ ਵੀ ਬਾਹਰ ਨਹੀਂ ਆ ਸਕਿਆ ਹੈ।

ਦਰਅਸਲ, ਜਿਸ ਬੋਰ ਵਿੱਚ ਫ਼ਤਹਿਵੀਰ ਸਿੰਘ ਫਸਿਆ ਹੋਇਆ ਹੈ ਉਸ ਦੇ ਬਰਾਬਰ ਤਕਰਬੀਨ 110 ਫੁੱਟ ਡੂੰਘਾ ਤੇ ਤਿੰਨ ਫੁੱਟ ਚੌੜਾ ਬੋਰ ਪੁੱਟਿਆ ਗਿਆ ਹੈ ਅਤੇ ਫ਼ਤਿਹਵੀਰ ਤਕਰੀਬਨ 104 ਫੁੱਟ 'ਤੇ ਫਸਿਆ ਹੋਇਆ ਹੈ। ਦੋਵਾਂ ਬੋਰਾਂ ਨੂੰ ਜੋੜਨ ਲਈ ਐਨਡੀਆਰਐਫ ਦੀ ਟੀਮ ਨੇ ਇੱਕ ਸੁਰੰਗ ਪੁੱਟੀ, ਜਿਸ ਦੀ ਦਿਸ਼ਾ ਗ਼ਲਤ ਹੋ ਗਈ।

ਦੋਵਾਂ ਬੋਰ ਵਿੱਚ ਦੂਰੀ ਬਹੁਤ ਘੱਟ ਸੀ ਪਰ ਟੀਮ ਨੇ ਤਿੰਨ ਤੋਂ ਚਾਰ ਫੁੱਟ ਸੁਰੰਗ ਪੱਟੀ ਫਿਰ ਵੀ ਫ਼ਤਹਿ ਦੇ ਬੋਰ ਦੀ ਪਾਈਪ ਨਹੀਂ ਲੱਭੀ ਜਾ ਸਕੀ। ਹੁਣ ਐਨਡੀਆਰਐਫ ਦਸਤੇ ਦੇ ਮੈਂਬਰ ਬੋਰ ਵਿੱਚ ਬਾਹਰ ਆ ਗਏ ਹਨ ਅਤੇ ਜਿਨ੍ਹਾਂ ਸਮਾਜਸੇਵੀਆਂ ਨੇ ਬਚਾਅ ਵਾਲਾ ਬੋਰ ਪੁੱਟਿਆ ਹੈ, ਉਹ ਹੇਠ ਜਾ ਕੇ ਸੁਰੰਗ ਦੀ ਸਹੀ ਦਿਸ਼ਾ ਦੀ ਨਿਸ਼ਾਨਦੇਹੀ ਕਰਨਗੇ। ਸੁਰੰਗ ਪੁੱਟੇ ਜਾਣ ਮਗਰੋਂ ਲੋਹੇ ਦਾ ਜੰਗਲਾ ਪਾਇਆ ਜਾਵੇਗਾ ਅਤੇ ਫ਼ਤਹਿ ਨੂੰ ਉਸ ਦੇ ਬਰਾਬਰ ਤੋਂ ਬਚਾਅ ਵਾਲੇ ਪਾਸੇ ਲਿਆਂਦਾ ਜਾਵੇਗਾ। ਪਰ ਇਸ ਵਿੱਚ ਹਾਲੇ ਹੋਰ ਸਮਾਂ ਲੱਗ ਸਕਦਾ ਹੈ।