ਨਵੀਂ ਦਿੱਲੀ : ਕੋਵਿਡ-19 ਖਿਲਾਫ਼ ਬੀਸੀਜੀ ਦੇ ਟੀਕੇ ਦੇ ਪ੍ਰਭਾਵ ਦਾ ਪਤਾ ਲਾਉਣ ਲਈ ਆਈਸੀਐਮਆਰ ਖੋਜ ਕਰੇਗਾ। ਜਦੋਂ ਤਕ ਕੋਈ ਠੋਸ ਨਤੀਜਾ ਨਹੀਂ ਮਿਲਦਾ ਉਦੋਂ ਤਕ ਸਿਹਤ ਕਰਮੀਆਂ ਲਈ ਵੀ ਇਸਦੀ ਸਿਫ਼ਾਰਸ਼ ਨਹੀਂ ਕੀਤੀ ਜਾਵੇਗੀ।


ਬੈਸਿਲਸ ਕਾਲਮੇਟ ਗੁਏਰਿਨ (ਬੀਸੀਜੀ) ਟੀਕੇ ਦਾ ਇਸਤੇਮਾਲ ਟੀਬੀ ਤੋਂ ਬਚਾਅ ਲਈ ਕੀਤਾ ਜਾਂਦਾ ਹੈ। ਆਈਸੀਐਮਆਰ ਦੇ ਵਿਗਿਆਨਕ ਡਾਕਟਰ ਰਮਨ ਆਰ ਗੰਗਾਖੇੜਕਰ ਨੇ ਕਿਹਾ ਕਿ ਅਗਲੇ ਹਫ਼ਤੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕੇ ਦੇ ਪ੍ਰਭਾਵ ਦਾ ਪਤਾ ਲਾਉਣ ਲਈ ਅਧਿਐਨ ਸ਼ੁਰੂ ਕੀਤਾ ਜਾਵੇਗਾ।


ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤਕ ਅਧਿਐਨ ਦਾ ਨਤੀਜਾ ਨਹੀਂ ਆ ਜਾਂਦਾ ਅਤੇ ਪ੍ਰਮਾਣ ਨਹੀਂ ਮਿਲ ਜਾਂਦੇ ਉਦੋਂ ਤਕ ਅਸੀਂ ਸਿਹਤ ਕਰਮੀਆਂ ਨੂੰ ਟੀਕੇ ਦੀ ਸਿਫ਼ਾਰਸ਼ ਨਹੀਂ ਕਰਾਂਗੇ। ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਬੀਸੀਜੀ ਦਾ ਟੀਕਾ ਲਾਇਆ ਜਾਂਦਾ ਹੈ। ਗੰਗਾਖੇੜਕਰ ਨੇ ਕਿਹਾ ਕਿ ਬੀਸੀਜੀ ਦਾ ਟੀਕਾ ਕਿਸੇ ਨੂੰ ਟੀਬੀ ਦੇ ਜ਼ੋਖ਼ਮ ਤੋਂ ਪੂਰੀ ਤਰ੍ਹਾਂ ਨਹੀਂ ਬਚਾਉਂਦਾ ਪਰ ਅੰਸ਼ਕ ਸੁਰੱਖਿਆ ਦਿੰਦਾ ਹੈ।