ਚੰਡੀਗੜ੍ਹ: ਬਜਟ ਇਜਲਾਸ ਦੇ ਆਖਰੀ ਦਿਨ ਵੀ ਪੰਜਾਬ ਵਿਧਾਨ ਸਭਾ ਵਿੱਚ ਖ਼ੂਬ ਹੰਗਾਮੇ ਹੋਏ। ਇਜਲਾਸ ਦਾ ਇਹ ਅੰਤਮ ਦਿਨ ਅਸਤੀਫਾ ਦੇ ਚੁੱਕੇ ਵਿਧਾਇਕ ਐਚਐਸ ਫੂਲਕਾ ਲਈ ਫੈਸਲਾਕੁਨ ਹੋਣ ਵਾਲਾ ਹੈ। ਦਰਅਸਲ, ਅੱਜ ਅਸਤੀਫੇ ਬਾਰੇ ਫੂਲਕਾ ਦੀ ਸਪੀਕਰ ਨਾਲ ਚਰਚਾ ਹੋਵੇਗੀ।

ਜੇਕਰ ਸਪੀਕਰ ਅਸਤੀਫਾ ਮਨਜ਼ੂਰ ਕਰਦੇ ਹਨ ਤਾਂ ਆਮ ਆਦਮੀ ਪਾਰਟੀ ਤੋਂ ਵੀ ਅਸਤੀਫਾ ਦੇ ਚੁੱਕੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਆਖ਼ਰੀ ਦਿਨ ਹੋ ਸਕਦਾ ਹੈ। ਹਾਲਾਂਕਿ, ਹਰਵਿੰਦਰ ਸਿੰਘ ਫੂਲਕਾ ਵਿਧਾਨ ਸਭਾ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਸਬੰਧੀ ਮਤਾ ਪਾਸ ਕਰਵਾਉਣ ਮਗਰੋਂ ਅਸੈਂਬਲੀ ਵਿੱਚ ਹਾਜ਼ਰ ਨਹੀਂ ਹੋਏ। ਹੁਣ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਚੋਣਾਂ 'ਚ ਸਰਗਰਮੀ ਵਿਖਾਉਣ ਦਾ ਇਰਾਦਾ ਹੈ।

ਫੂਲਕਾ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਮਗਰੋਂ ਸਮਾਂਬੱਧ ਤਰੀਕੇ ਨਾਲ ਕਾਰਵਾਈ ਨੂੰ ਅੰਜਾਮ ਨਾ ਦਿੱਤੇ ਜਾਣ ਕਰਕੇ ਆਪਣੀ ਵਿਧਾਇਕੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਮਹੀਨਿਆਂ ਬਾਅਦ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅਸਤੀਫ਼ੇ 'ਤੇ ਚਰਚਾ ਕਰਨ ਲਈ ਫੂਲਕਾ ਨੂੰ ਵਿਧਾਨ ਸਭਾ ਬੁਲਾਇਆ ਹੈ।

ਉੱਧਰ, ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ ਬਜਟ ਇਜਲਾਸ ਦੇ ਅੰਤਮ ਦਿਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਅਕਾਲੀਆਂ ਨੇ ਦਲਿਤਾਂ ਲਈ ਮੁਫ਼ਤ ਬਿਜਲੀ ਜਾਰੀ ਰੱਖਣ ਦੀ ਮੰਗ ਕਰਦਿਆਂ ਸਦਨ ਵਿੱਚੋਂ ਵਾਕਆਊਟ ਕੀਤਾ। ਅਕਾਲੀ-ਬੀਜੇਪੀ ਵਿਧਾਇਕ ਪਹਿਲਾਂ ਕਾਲ਼ੇ ਚੋਲ਼ੇ ਪਾ ਕੇ ਵਿਧਾਨ ਸਭਾ ਵਿੱਚ ਦਾਖ਼ਲ ਹੋਏ ਤੇ ਫਿਰ ਉਨ੍ਹਾਂ 'ਤੇ ਬਿਜਲੀ ਦੇ ਵੱਧ ਆਏ ਬਿਲ ਚਿਪਕਾ ਕੇ ਵੀ ਰੋਸ ਦਾ ਪ੍ਰਗਟਾਵਾ ਕੀਤਾ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬਿਜਲੀ ਅੰਦੋਲਨ ਵੱਡੇ ਪੱਧਰ 'ਤੇ ਛੇੜਿਆ ਹੋਇਆ ਹੈ। ਬਿੱਲ ਨਾ ਅਦਾ ਕਰਨ ਕਰਕੇ ਕੱਟੇ ਗਏ ਗ਼ਰੀਬਾਂ ਦੇ ਬਿਜਲੀ ਕੁਨੈਕਸ਼ਨਾਂ ਨੂੰ 'ਆਪ' ਵਿਧਾਇਕ ਤੇ ਲੀਡਰ ਖ਼ੁਦ ਜੋੜ ਰਹੇ ਹਨ। ਇਸ ਦੇ ਨਾਲ ਹੀ ਵਧੇ ਹੋਏ ਬਿਲਾਂ ਦਾ ਹਿਸਾਬ ਕਰਨ ਲਈ ਪਾਰਟੀ ਨੇ ਵੱਖਰੇ ਵਾਲੰਟੀਅਰ ਭੇਜੇ ਹਨ।