ਹੋਰ ਤਾਂ ਹੋਰ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਨੂੰ ਖੁਦ ਬਾਗੀ ਉਮੀਦਵਾਰ ਗਾਇਕ ਜੱਸੀ ਜਸਰਾਜ ਤੋਂ ਵੰਗਾਰ ਮਿਲ ਰਹੀ ਹੈ। ਜੱਸੀ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਵੱਲੋਂ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਦੀ ਟਿਕਟ ’ਤੇ ਭਗਵੰਤ ਮਾਨ ਖਿਲਾਫ ਡਟੇ ਹਨ। ਅਹਿਮ ਗੱਲ ਹੈ ਕਿ ਜੱਸੀ ਕਿਸੇ ਵੇਲੇ ‘ਆਪ’ ਦੇ ਸੁਪਰੀਮੋ ਕੇਜਰੀਵਾਲ ਦੇ ਬੜਾ ਨੇੜੇ ਸੀ।
ਜੇਕਰ ਸਭ ਤੋਂ ਅਹਿਮ ਹਲਕੇ ਬਠਿੰਡਾ ਦੀ ਗੱਲ਼ ਕਰੀਏ ਤਾਂ ਇੱਥੇ ਵੀ ‘ਆਪ‘ ਦੀ ਉਮੀਦਵਾਰ ਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਉੱਥੇ ਖੜ੍ਹੇ ਬਾਗੀ ਧੜੇ ਦੇ ਮੋਢੀ ਤੇ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਖਹਿਰਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲੋਕ ਸਭਾ ਹਲਕੇ ਦੇ ਬਾਗੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਜਗਦੇਵ ਸਿੰਘ ਕਮਾਲੂ ਵੀ ਖਹਿਰਾ ਦੀ ਹਮਾਇਤ ਕਰ ਰਹੇ ਹਨ।
ਫਰੀਦਕੋਟ ਹਲਕੇ ਵਿੱਚ ਪਾਰਟੀ ਦੇ ਉਮੀਦਵਾਰ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਮੁੜ ਚੋਣ ਲੜ ਰਹੇ ਹਨ ਜਦਕਿ ਇੱਥੇ ਹੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਵੀ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਬੇਅਦਬੀ ਤੇ ਗੋਲੀ ਕਾਂਡ ਕਰਕੇ ਫਰੀਦਕੋਟ ਦੇ ਵੋਟਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੋਂ ਖਫਾ ਹਨ ਪਰ ਆਪਸੀ ਪਾਟੋਧਾੜ ਕਰਕੇ 'ਆਪ' ਇਸ ਦਾ ਲਾਹਾ ਨਹੀਂ ਲੈ ਸਕੇਗੀ।
ਲੋਕ ਸਭਾ ਹਲਕਾ ਪਟਿਆਲਾ ਵਿੱਚ ਵੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਆਪਣੀ ਨਵਾਂ ਪੰਜਾਬ ਪਾਰਟੀ ਦੀ ਟਿਕਟ ’ਤੇ ਪੀਡੀਏ ਦੇ ਬੈਨਰ ਹੇਠ ਚੋਣ ਲੜ ਰਹੇ ਹਨ ਜਦਕਿ ਇਸੇ ਹਲਕੇ ਵਿਚ ‘ਆਪ’ ਦੀ ਟਰੇਡਰਜ਼ ਵਿੰਗ ਦੀ ਪ੍ਰਧਾਨ ਨੀਨਾ ਮਿੱਤਲ ਵੀ ਚੋਣ ਲੜ ਰਹੀ ਹੈ। ਇਨ੍ਹਾਂ ਚਾਰ ਹਲਕਿਆਂ ਵਿੱਚ ਸਿੱਧੇ ਤੌਰ ’ਤੇ ਪਾਰਟੀ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਬਾਗੀ ਖੜ੍ਹੇ ਹੋ ਕੇ ਮੁਸੀਬਤ ਦਾ ਕਾਰਨ ਬਣ ਰਹੇ ਹਨ।
ਇਸ ਤੋਂ ਇਲਾਵਾ ਬਾਕੀ ਹਲਕਿਆਂ ਵਿੱਚ ਪਾਰਟੀ ਤੋਂ ਬਾਗੀ ਹੋਏ ਖਹਿਰਾ, ਬਲਦੇਵ ਸਿੰਘ ਤੇ ਡਾ. ਗਾਧੀ ‘ਆਪ’ ਦੇ ਉਮੀਦਵਾਰਾਂ ਦੀ ਥਾਂ ਪੀਡੀਏ ਦੇ ਉਮੀਦਵਾਰਾਂ ਦੀ ਹਮਾਇਤ ਕਰ ਰਹੇ ਹਨ। ਇਸ ਤਹਿਤ ਇਨ੍ਹਾਂ ਆਗੂਆਂ ਵੱਲੋਂ ਅੰਮ੍ਰਿਤਸਰ ਤੋਂ ਸੀਪੀਆਈ ਦੀ ਉਮੀਦਵਾਰ ਦਸਵਿੰਦਰ ਕੌਰ ਤੇ ਫਿਰੋਜ਼ਪੁਰ ਤੋਂ ਹੰਸ ਰਾਜ ਗੋਲਡਨ ਦੀ ਮਦਦ ਕੀਤੀ ਜਾ ਰਹੀ ਹੈ। ਇਹ ਆਗੂ ਜਲੰਧਰ ਤੋਂ ਬਸਪਾ ਦੇ ਉਮੀਦਵਾਰ ਬਲਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਸੇਵਾਮੁਕਤ ਆਈਏਐਸ ਅਧਿਕਾਰੀ ਖੁਸ਼ੀ ਰਾਮ ਤੇ ਆਨੰਦਪੁਰ ਸਾਹਿਬ ਤੋਂ ਵਿਕਰਮ ਸਿੰਘ ਸੋਢੀ ਦੀ ਹਮਾਇਤ ਕਰ ਰਹੇ ਹਨ।
ਇਸੇ ਤਰ੍ਹਾਂ ਬਾਗੀਆਂ ਵੱਲੋਂ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੇ ਫਤਿਹਗੜ੍ਹ ਤੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਮਦਦ ਕੀਤੀ ਜਾ ਰਹੀ ਹੈ। ਇਹ ਆਗੂ ਖਡੂਰ ਸਾਹਿਬ ਤੋਂ ਵੀ ‘ਆਪ’ ਦੇ ਉਮੀਦਵਾਰ ਦੀ ਥਾਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਹਮਾਇਤ ਕਰ ਰਹੇ ਹਨ।