ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੀ ਖਿੱਲਰਦੀ ਨਜ਼ਰ ਆ ਰਹੀ ਹੈ। ਵਿਧਾਇਕ ਸੁਰਜੀਤ ਸਿੰਘ ਧੀਮਾਨ ਤੇ ਕੁਲਬੀਰ ਸਿੰਘ ਜ਼ੀਰਾ ਮਗਰੋਂ ਅੱਜ ਮਾਝੇ ਵਿੱਚ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਵੀ ਬਾਗੀ ਸੁਰ ਵਿਖਾਏ ਹਨ। ਵਿਧਾਇਕ ਲਾਡੀ ਨੇ ਤਾਂ ਸਿੱਧੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਗਾਵਤ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਦੋ-ਤਿੰਨ ਮਹੀਨੀਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਹੋਣਗੇ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਦੁਆਬੇ ਦੇ ਦੋ ਵਿਧਾਇਕ ਜਲੰਧਰ ਪੱਛਮੀ ਹਲਕੇ ਤੋਂ ਸੁਸ਼ੀਲ ਰਿੰਕੂ ਤੇ ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਵੀ ਰੁੱਸੇ ਵਿਖਾਈ ਦਿੱਤੇ ਸੀ। ਉਹ ਜਲੰਧਰ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਦਾ ਤਾਜਪੋਸ਼ੀ ਸਮਾਗਮ ਵਿੱਚੋਂ ਗੈਰ ਹਾਜ਼ਰ ਰਹੇ ਸੀ। ਇਹ ਵੀ ਮੀਡੀਆ ਵਿੱਚ ਚਰਚਾ ਬਣਿਆ ਸੀ। ਭੀਜੇਪੀ ਛੱਡ ਕੇ ਕਾਂਗਰਸ ਵਿੱਚ ਆਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਈ ਲੀਡਰਾਂ ਨੂੰ ਹਜ਼ਮ ਨਹੀਂ ਹੋ ਰਹੇ। ਉਨ੍ਹਾਂ ਦੀ ਤਾਂ ਕੈਪਟਨ ਨਾਲ ਵੀ ਨੋਕ-ਝੋਕ ਹੋ ਚੁੱਕੀ ਹੈ।
ਉਧਰ, ਕਾਂਗਰਸ ਨੇ ਇਸ ਬਗਾਵਤ ਨੂੰ ਸ਼ਾਂਤ ਕਰਨ ਲਈ ਪਿਛਲੇ ਦਿਨਾਂ ਤੋਂ ਮੀਟਿੰਗਾਂ ਦਾ ਦੌਰ ਚਲਾਇਆ ਹੋਇਆ ਹੈ। ਇਨ੍ਹਾਂ ਮੀਟਿੰਗਾਂ ਵਿੱਚ ਵੀ ਵਿਧਾਇਕਾਂ ਨੇ ਅਫਸਰਸ਼ਾਹੀ ਤੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਹਨ। ਇਸ ਮਗਰੋਂ ਚਾਹੇ ਕੈਪਟਨ ਸਰਕਾਰ ਨੇ ਵਿਧਾਇਕਾਂ ਨੂੰ ਫੰਡ ਦੇਣ ਦਾ ਐਲਾਨ ਕੀਤਾ ਹੈ ਪਰ ਧੜੇਬੰਦੀ ਰੁਕਣ ਦਾ ਨਾਂ ਨਹੀਂ ਲੈ ਰਹੀ। ਕਾਂਗਰਸੀ ਲੀਡਰਾਂ ਦਾ ਇਤਰਾਜ਼ ਹੈ ਕਿ ਲੋਕਾਂ ਨੇ ਜਿਸ ਉਮੀਦ ਨਾਲ ਸੱਤਾ ਬਖਸ਼ੀ ਸੀ, ਸਰਕਾਰ ਉਸ ਉਪਰ ਸਹੀ ਨਹੀਂ ਉੱਤਰ ਰਹੀ।
ਦੂਜੇ ਪਾਸੇ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਵਜੋਂ ਹਟਾਉਣ ਦੀ ਕੋਈ ਵੀ ਯੋਜਨਾ ਦੀ ਸੰਭਾਵਨਾ ਤੋਂ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵਿਧਾਇਕ ਲਾਡੀ ਨੇ ਕਿਹਾ ਹੈ, ਉਹ ਉਨ੍ਹਾਂ ਦੀ ਨਿੱਜੀ ਸੋਚ ਹੋ ਸਕਦੀ ਹੈ ਤੇ ਮੌਜੂਦਾ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣ ਪਰ ਕਾਂਗਰਸ ਵਿੱਚ ਸਭ ਠੀਕ ਨਹੀਂ ਚੱਲ਼ ਰਿਹਾ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਗਰਸ ਦੀ ਫੁੱਟ ਪੰਜਾਬ ਵਿੱਚ 13 ਦੀਆਂ 13 ਸੀਟਾਂ ਜਿੱਤਣ ਦੇ ਸੁਫਨੇ ਨੂੰ ਤੋੜ ਸਕਦੀ ਹੈ। ਦੂਜੇ ਪਾਸੇ ਮੁਲਾਜ਼ਮ ਤੇ ਕਿਸਾਨ ਵਰਗ ਵੀ ਸਰਕਾਰ ਖਿਲਾਫ ਸੜਕਾਂ ਉੱਪਰ ਹੈ। ਅਜਿਹੇ ਹਾਲਾਤ ਵਿੱਚ ਕਾਂਗਰਸ ਸਰਕਾਰ ਉੱਪਰ ਸਵਾਲ ਉੱਠਣੇ ਲਾਜ਼ਮੀ ਹਨ ਜਿਸ ਨਾਲ ਅਕਸ ਹੋਰ ਵਿਗੜੇਗਾ।