ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਪ੍ਰਦਰਸ਼ਨ ਕਰਦੇ ਹੋਏ ਕੌਮੀ ਰਾਜਧਾਨੀ ਦਿੱਲੀ ਦੀ ਹਿੱਕ ਤੇ ਜਾ ਬੈਠੇ ਹਨ। ਕਿਸਾਨਾਂ ਦੀ ਇੱਕੋ ਮੰਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਕਿਸਾਨ ਅੰਦੋਲਨ ਹੁਣ ਦੇਸ਼ ਦੇ ਨਾਲ ਨਾਲ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਕੈਨੇਡਾ 'ਚ ਲਿਬਰਲ ਪਾਰਟੀ ਦੇ ਸੁੱਖ ਧਾਲੀਵਾਲ ਨੇ ਵੀ ਕਿਸਾਨਾਂ ਨਾਲ ਹੋ ਰਹੇ ਸਲੂਕ ਦੀ ਨਿੰਦਾ ਕੀਤੀ ਹੈ।ਧਾਲੀਵਾਲ ਨੇ ਟਵੀਟ ਕਰ ਕੇ ਕਿਹਾ, "ਕਿਸੇ ਵੀ ਲੋਕਤੰਤਰ ਵਿੱਚ, ਖ਼ਾਸਕਰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਬੁਨਿਆਦੀ ਹੈ। ਮੈਂ ਭਾਰਤ ਵਿੱਚ ਪੰਜਾਬੀ ਕਿਸਾਨਾਂ ਨਾਲ ਕੀਤੇ ਸਲੂਕ ਤੋਂ ਬਹੁਤ ਪ੍ਰੇਸ਼ਾਨ ਹਾਂ - ਭਾਰਤੀ ਅਧਿਕਾਰੀਆਂ ਵਲੋਂ ਕੀਤਾ ਇਹ ਬੇਤੁਕਾ ਦੁਰਵਿਵਹਾਰ, ਸਵੀਕਾਰ ਕਰਨ ਯੋਗ ਨਹੀਂ  ਹੈ।"


ਦੱਸ ਦੇਈਏ ਕਿ ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ ਲਈ ਕਿਸਾਨਾਂ ਪਿਛਲੇ ਤਿੰਨ ਦਿਨਾਂ ਦਿੱਲੀ ਦੇ ਬਾਡਰਾਂ ਤੇ ਡਟੇ ਹੋਏ ਹਨ। ਕਿਸਾਨ ਕਿਸੇ ਵੀ ਕੀਮਤ ਤੇ ਅੰਦੋਲਨ ਵਾਪਸ ਲੈਣ ਨੂੰ ਤਿਆਰ ਨਹੀਂ ਹਨ। ਕਿਸਾਨਾਂ ਦਾ ਦਿੱਲੀ ਤੱਕ ਪਹੁੰਚਣ ਦਾ ਸਫ਼ਰ ਵੀ ਕੁਝ ਸੌਖਾ ਨਹੀਂ ਸੀ। ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਣ ਲਈ ਪੁਲਿਸ ਦੇ ਵਾਟਰ ਕੈਨਨ ਤੇ ਅੱਥਰੂ ਗੈਸ ਦੇ ਗੋਲਿਆ ਦਾ ਵੀ ਸਾਹਮਣਾ ਕਰਨਾ ਪਿਆ ਸੀ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ਨੂੰ ਵੀ ਪੁੱਟ ਸੁਟਿਆ ਸੀ।