ਚੰਡੀਗੜ੍ਹ: ਨਵੇਂ ਖੇਤੀਬਾੜੀ ਕਾਨੂੰਨ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਇੱਕ ਪਾਸੇ ਜਿੱਥੇ ਦਿੱਲੀ ਦੇ ਸਿੰਘੂ ਤੇ ਟਿੱਕਰੀ ਸੀਮਾ ਤੇ ਡਟੇ ਹੋਏ ਹਨ। ਉੱਥੇ ਹੀ ਹਜ਼ਾਰਾਂ ਕਿਸਾਨ ਯੂਪੀ ਦੀ ਸਰਹੱਦ 'ਤੇ ਭਾਰਤੀ ਕਿਸਾਨ ਯੂਨੀਅਨ (ਬੀਕੇਆਈਯੂ) ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਇਕੱਠੇ ਹੋਏ। ਹਰਿਆਣਾ ਦੇ ਕਿਸਾਨਾਂ ਨੇ ਸੜਕਾਂ ਜਾਮ ਕਰ ਦਿੱਤੀਆਂ ਤੇ ਦਿੱਲੀ ਬਾਰਡਰ ਨੇੜੇ ਪ੍ਰਦਰਸ਼ਨ ਕੀਤਾ। ਸ਼ਨੀਵਾਰ ਨੂੰ ਪੰਜਾਬ, ਹਰਿਆਣਾ ਤੇ ਯੂਪੀ ਦੇ ਹਜ਼ਾਰਾਂ ਕਿਸਾਨ ਦਿੱਲੀ ਵੱਲ ਵਧੇ ਤੇ ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾ ਲਿਆ ਹੈ। ਇੱਥੋਂ ਉਹ ਅਗਲੀ ਰਣਨੀਤੀ ਬਣਾਉਣਗੇ।

ਕਿਸਾਨਾਂ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ਠੁਕਰਾ ਦਿੱਤੀ ਹੈ। ਕਿਸਾਨਾਂ ਨੇ ਕਿਹਾ ਹੈ ਕਿ ਅੰਦੋਲਨ ਮੰਗਾਂ ਮੰਨਣ 'ਤੇ ਹੀ ਖਤਮ ਹੋਏਗਾ। ਇਸ ਨਾਲ ਕੇਂਦਰ ਸਰਕਾਰ ਕਸੂਤੀ ਘਿਰ ਗਈ ਹੈ। ਦਿੱਲੀ ਨੂੰ ਘੇਰੇ ਕਰਕੇ ਜ਼ਰੂਰੀ ਚੀਜ਼ਾਂ ਦੀ ਸਪਲਾਈ ਲੇਨ ਟੁੱਟ ਗਈ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹ ਦਿੱਲੀ ਵਾਸੀਆਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਇਹ ਉਨ੍ਹਾਂ ਦੀ ਮਜ਼ਬੂਰੀ ਬਣ ਗਈ ਹੈ।

ਉਧਰ, ਯੂਪੀ ਵੱਲੋਂ ਵੀ ਕਿਸਾਨਾਂ ਦੇ ਹਮਲੇ ਨਾਲ ਹਾਲਾਤ ਹੋਰ ਪੇਚੀਦਾ ਬਣ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਕਿਸਾਨਾਂ ਦਾ ਕਾਫਲਾ ਮੋਦੀਪੁਰਮ ਦੇ ਟੋਲ ਪਲਾਜ਼ਾ ਤੋਂ ਪਾਰ ਹੋ ਕੇ ਦੁਪਹਿਰ ਕਰੀਬ ਇੱਕ ਵਜੇ ਪਰਤਾਪੁਰ ਨੂੰ ਪਾਰ ਕਰ ਗਿਆ। ਇਸ ਦੇ ਮੱਦੇਨਜ਼ਰ ਮੇਰਠ ਟ੍ਰੈਫਿਕ ਪੁਲਿਸ ਨੇ ਪਰਤਾਪੁਰ ਵਿੱਚ ਹੋਰ ਵਾਹਨ ਰੋਕ ਦਿੱਤੇ, ਜਿਸ ਕਾਰਨ ਉਥੇ ਕੁਝ ਜਾਮ ਹੋ ਗਿਆ।

ਇਸ ਤੋਂ ਪਹਿਲਾਂ, ਸਿਵਾਇਆ ਟੋਲ ਪਲਾਜ਼ਾ 'ਤੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ, ਬੀ.ਕੇ.ਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਨਦਾਤਾ ਨਾਲ ਲਗਾਤਾਰ ਹੋ ਰਹੀ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  ਦੇਸ਼ ਭਰ ਵਿਚ ਫਸਲਾਂ ਦੀ ਇਕੋ ਕੀਮਤ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਐਕਟ ਦਾ ਪਹਿਲਾਂ ਹੀ ਬੀਕੇਯੂ ਵੱਲੋਂ ਵਿਰੋਧ ਕੀਤਾ ਜਾ ਚੁੱਕਾ ਹੈ।ਰਾਕੇਸ਼ ਟਿਕੈਤ ਦੀ ਦਿੱਲੀ ਕੂਚ ਦੀ ਘੋਸ਼ਣਾ ਤੋਂ ਬਾਅਦ, ਇਕ ਦਰਜਨ ਤੋਂ ਵੱਧ ਟਰੈਕਟਰ-ਟਰਾਲਾਂ 'ਤੇ ਸਵਾਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਗਏ।

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਜਾਣਗੇ ਤੇ ਆਪਣੀ ਗੱਲ ਸਰਕਾਰ ਅੱਗੇ ਰੱਖਣਗੇ। ਰਾਕੇਸ਼ ਟਿਕੈਤ ਨੇ ਕਿਹਾ, ਇਹ ਵਿਚਾਰਾਂ ਦੀ ਲੜਾਈ ਹੈ, ਜਦੋਂ ਇਕ ਦੂਜੇ ਨਾਲ ਵਿਚਾਰ ਇਕ ਹੋਣਗੇ, ਲੜਾਈ ਆਪਣੇ ਆਪ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਬੀਕੇਯੂ ਕਰਮਚਾਰੀ ਤੇ ਕਿਸਾਨ ਸੜਕ ’ਤੇ ਇਸੇ ਤਰ੍ਹਾਂ ਅੰਦੋਲਨ ਕਰਦੇ ਰਹਿਣਗੇ।