ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਦੇ ਕਾਫ਼ਲੇ ਨੂੰ ਐਸਕਾਰਟ ਕਰ ਰਹੀ ਮੁਹਾਲੀ ਪੁਲੀਸ ਦੀ ਗੱਡੀ ਕੁਰਾਲੀ ਵਿਖੇ ਬੱਸ ਨਾਲ ਟਕਰਾਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਇੱਕ ਸੁਰੱਖਿਆ ਕਰਮੀਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਤਿੰਨ ਪੁਲੀਸ ਮੁਲਾਜ਼ਮਾਂ ਸਮੇਤ ਅੱਧੀ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ|ਪੁਲਿਸ ਨੇ ਹਾਦਸੇ ਲਈ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ|
ਮਿਲੀ ਜਾਣਕਾਰੀ ਬੀਤੀ ਰਾਤ ਸ਼ਹਿਰ ਦੀ ਰੂਪਨਗਰ ਰੋਡ ਉੱਤੇ ਰੇਲਵੇ ਪੁਲ ਨੇੜੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਰਤ ਰਹੇ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਐਸਕਾਰਟ ਕਰ ਰਹੀ ਪੰਜਾਬ ਪੁਲੀਸ ਮੁਹਾਲੀ ਦੀ ਟਾਟਾ 207 ਗੱਡੀ (ਪੀਬੀ 65 ਈ 898) ਦੀ ਟੱਕਰ ਦੂਜੇ ਪਾਸੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ (ਪੀਬੀ 02 ਏ ਯੂ 9930) ਨਾਲ ਹੋ ਗਈ| ਇਸ ਹਾਦਸੇ ਦੌਰਾਨ ਹੀ ਬੇਕਾਬੂ ਹੋਈ ਬੱਸ ਨੇ ਇੱਕ ਇਨੋਵਾ ਗੱਡੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ|
ਹਾਦਸੇ ਕਾਰਨ ਪੁਲੀਸ ਐਸਕਾਰਟ ਚਲਾ ਰਹੇ ਪੰਜਾਬ ਪੁਲੀਸ ਦੇ ਸਿਪਾਹੀ ਗੁਰਦੇਵ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਹੌਲਦਾਰ ਗੁਰਚਰਨ ਸਿੰਘ, ਹੌਲਦਾਰ ਕਰਨਵੀਰ ਸਿੰਘ ਅਤੇ ਹੌਲਦਾਰ ਛਿੰਦਰਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ|
ਬੱਸ ਦੀ ਲਪੇਟ ਵਿੱਚ ਆਈ ਇਨੋਵਾ ਗੱਡੀ ਵਿੱਚ ਸਵਾਰ ਤਿੰਨ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਦੀਪਿਕਾ ਨਾਮਕ ਮਹਿਲਾ ਦੀ ਹਾਲਤ ਗੰਭੀਰ ਸੀ| ਜ਼ਖ਼ਮੀਆਂ ਵਿੱਚੋਂ ਤਿੰਨ ਪੁਲੀਸ ਮੁਲਾਜ਼ਮਾਂ ਦੀ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਜਦਕਿ ਇਨੋਵਾ ਸਵਾਰ ਜ਼ਖ਼ਮੀ ਕੁਰਾਲੀ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ|