ਸੰਗਰੂਰ : ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵੱਡੀ ਗਿਣਤੀ ਵਿਦਿਆਰਥੀਆਂ ਵੱਲੋਂ ਪ੍ਰਸ਼ਾਸਨ ਦੁਆਰਾ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਸਥਾਨਕ ਸਰਕਾਰੀ ਰਣਬੀਰ ਕਾਲਜ ਦੇ ਨੇੜਿਓਂ ਲੰਘਦੀ ਸੜਕ ਜਾਮ ਕੀਤੀ ਗਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੋਮਲ ਖਨੌਰੀ, ਰਮਨ ਸਿੰਘ ਕਾਲਾਝਾੜ ਅਤੇ ਸੁਖਚੈਨ ਸਿੰਘ ਪੁੰਨਾਵਾਲ ਨੇ ਕਿਹਾ ਕਿ ਵਿਦਿਆਰਥੀ ਪੰਦਰਾਂ ਦਿਨਾਂ ਤੋਂ ਕਾਲਜ 'ਚੋਂ ਵੋਟਿੰਗ ਮਸ਼ੀਨਾਂ ਚੁਕਵਾਉਣ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਦੁਆਰਾ ਕੋਈ ਜਵਾਬਦੇਹੀ ਨਹੀਂ ਕੀਤੀ ਜਾ ਰਹੀ।

ਵਿਦਿਆਰਥੀ ਖੁੱਲ੍ਹੇ ਆਸਮਾਨ ਹੇਠ ਕਲਾਸਾਂ ਲਗਾਉਣ ਲਈ ਮਜਬੂਰ ਹਨ। ਪ੍ਰੋਫ਼ੈਸਰਾਂ ਦਾ ਸਟਾਫ ਰੂਮ ਵੀ ਬੰਦ ਕੀਤਾ ਪਿਆ। ਇਸਦੇ ਰੋਸ ਵਜੋਂ ਅੱਜ ਸੜਕ ਜਾਮ ਕਰਨੀ ਪਈ ਤਾਂ ਜੋ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਚੋਂ ਜਗਾਇਆ ਜਾ ਸਕੇ ਕਿਉਂਕਿ ਪ੍ਰਸ਼ਾਸਨ ਦੇ ਕੰਨ ਤੋਂ ਜੂ ਨਹੀਂ ਸਰਕ ਰਹੀ।


ਵਿਦਿਆਰਥੀਆਂ ਦੇ ਮੰਗ ਕੀਤੀ ਕਿ ਕਾਲਜ ਗੇਟ ਅੱਗੋਂ ਲੰਘਦੀਆਂ ਬੱਸਾਂ ਰੋਕੀਆਂ ਜਾਣ। ਕਾਲਜ ਅੱਗੇ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀਆ ਤੋਂ ਦੋ ਦੋ ਤਿੰਨ ਤਿੰਨ ਕਿਲੋਮੀਟਰ ਪੈਦਲ ਤੁਰ ਕੇ ਕਾਲਜ ਆਉਣਾ ਜਾਣਾ ਪੈਂਦਾ ਹੈ।


ਇਸ ਨਾਲ ਹੀ ਛੇਤੀ ਤੋਂ ਛੇਤੀ ਸਪੀਡ ਬਰੇਕਰ ਲਗਾਉਣ ਦੀ ਮੰਗ ਕੀਤੀ ਕਿਉਂਕਿ ਸੈਂਕੜੇ ਵਿਦਿਆਰਥੀ ਤੇ ਪ੍ਰੋਫੈਸਰ ਹਰ ਰੋਜ਼ ਸੜਕ ਪਾਰ ਕਰਦੇ ਹਨ ਕਾਲਜ ਅੱਗੋਂ ਲੰਘਦੇ ਵਾਹਨ ਬਹੁਤ ਤੇਜ਼ ਹੁੰਦੇ ਹਨ।  ਰਫ਼ਤਾਰ ਨਾਲ ਗੁਜ਼ਰਦੇ ਹਨ ਜਿਸ ਕਾਰਨ  ਦੁਰਘਟਨਾਵਾਂ ਵੀ ਹੋ ਸਕਦੀਆਂ ਹਨ।

ਵਿਦਿਆਰਥੀਆਂ ਨੇ ਮੰਗ ਕੀਤੀ ਕਿ ਬੱਸ ਪਾਸ ਕਾਲਜ 'ਚ ਹੀ ਬਣਾਏ ਜਾਣ। ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂ ਗੁਰਪ੍ਰੀਤ ਜੱਸਲ ਵੀ ਹਾਜ਼ਰ ਸਨ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਵੀਰਪਾਲ ਕੌਰ ਨੇ ਨਿਭਾਈ। ਅੱਜ ਦੇ ਇੱਕਠ 'ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੰਗਰੂਰ ਬਲਾਕ ਦੇ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ,ਹੋਰ ਵਿਦਿਆਰਥੀ ਜਸ਼ਨ ਚੰਗਾਲ, ਵਰਿੰਦਰ ਸਿੰਘ ਕਣਕਵਾਲ ਭੰਗੂਆਂ, ਗੁਰਸੇਵਕ ਸਿੰਘ ਫਤਿਹਗੜ੍ਹ ਗੰਢੂਆਂ, ਸਿਮਰਨ ਖੁਰਾਣਾ, ਗਗਨ ਬੇਗਮ, ਲਵਪ੍ਰੀਤ ਸਿੰਘ ਮਹਿਲਾ, ਗੁਰਜਿੰਦਰ ਸਿੰਘ ਲਾਡਵੰਜਾਰਾ, ਵਿਸ਼ਾਲ ਧੂਰੀ, ਜਗਸੀਰ ਸਿੰਘ ਆਦਿ ਹਾਜ਼ਰ ਸਨ।



ਵਿਦਿਆਰਥੀਆਂ ਦੀ ਸੰਘਰਸ਼ ਸਰਗਰਮੀਆਂ ਤੋਂ ਬਾਅਦ ਕਾਲਜ ਪ੍ਰਸ਼ਾਸਨ ਵੱਲੋਂ ਮੰਗਾਂ ਬਾਰੇ ਅਗਲੀ ਕਾਰਵਾਈ ਲਈ ਵੱਖ-ਵੱਖ ਮਹਿਕਮਿਆਂ ਨੂੰ ਲਿਖ ਦਿੱਤਾ ਗਿਆ ਹੈ। ਵਿਦਿਆਰਥੀਆਂ ਜੱਥੇਬੰਦੀ ਨੇ ਐਲਾਨ ਕੀਤਾ ਹੈ ਕਿ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇਗਾ।