ਬਰਨਾਲਾ: ਬੀਜੇਪੀ (BJP) ਦੀ ਬੈਠਕ ਦਾ ਵਿਰੋਧ ਕਰ ਰਹੇ ਹਰਿਆਣਾ (Haryana) ਦੇ ਕਿਸਾਨਾਂ ਤੇ ਬੀਤੇ ਕੱਲ੍ਹ ਲਾਠੀਚਾਰਜ (Baton Charge) ਕੀਤਾ ਗਿਆ। ਕਰਨਾਲ (Karnal) ਦੇ ਬਸਤਾੜਾ ਟੋਲ ਪਲਾਜ਼ਾ ਤੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਜਿਸ ਵਿੱਚ ਕਈ ਕਿਸਾਨ ਜ਼ਖਮੀ ਹੋਏ। ਅੱਜ ਬਰਨਾਲਾ (Barnala) 'ਚ ਇਸ ਘਟਨਾ ਤੇ ਰੋਸ ਪ੍ਰਗਟਾਉਂਦੇ ਹੋਏ ਕਿਸਾਨਾਂ ਨੇ ਦੋ ਘੰਟੇ ਕਈ ਮਾਰਗ ਜਾਮ ਕਰ ਦਿੱਤੇ।

ਕਿਸਾਨਾਂ ਨੇ ਬਠਿੰਡਾ-ਚੰਡੀਗੜ੍ਹ, ਲੁਧਿਆਣਾ, ਮਾਨਸਾ, ਬਰਨਾਲਾ-ਫਰੀਦਕੋਟ ਆਦਿ ਨੂੰ ਜਾਂਦੀਆਂ ਸੜਕਾਂ ਜਾਮ ਕਰ ਦਿੱਤੀਆਂ ਤੇ ਕੇਂਦਰ ਤੇ ਹਰਿਆਣਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਏ ਤੇ ਸਾਰਿਆਂ ਤੇ ਮਾਮਲਾ ਦਰਜ ਕੀਤਾ ਜਾਏ।

ਕਿਸਾਨ ਆਗੂਆਂ ਨੇ ਕਿਹਾ, "ਹਰਿਆਣਾ ਪੁਲਿਸ ਵੱਲੋਂ ਸੈਂਕੜੇ ਕਿਸਾਨਾਂ ਨੂੰ ਲਾਠੀਚਾਰਜ ਵਿੱਚ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ ਜਿਸ ਦੇ ਵਿਰੋਧ ਵਿੱਚ ਅੱਜ ਅਸੀਂ 2 ਘੰਟੇ ਲਈ ਸਾਰੀਆਂ ਸੜਕਾਂ ਜਾਮ ਕੀਤੀਆਂ ਹਨ। ਅਸੀਂ ਖੇਤੀ ਕਾਨੂੰਨਾਂ ਖਿਲਾਫ ਆਪਣਾ ਸੰਘਰਸ਼ ਖ਼ਤਮ ਨਹੀਂ ਕਰਾਂਗੇ।"

ਸਾਰੀਆਂ ਵਿਰੋਧੀ ਪਾਰਟੀਆਂ ਨੇ ਸ਼ਨੀਵਾਰ ਨੂੰ ਕਰਨਾਲ (Karnal) ਵਿੱਚ ਕਿਸਾਨਾਂ ਉੱਤੇ ਹੋਏ ਇਸ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਤੇ ਹਰਿਆਣਾ ਦੀ ਖੱਟਰ ਸਰਕਾਰ ਤੇ ਭਾਜਪਾ ਨੂੰ ਨਿਸ਼ਾਨਾ ਬਣਾਇਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਪਾਰਟੀ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੁਰਜੇਵਾਲਾ ਤੋਂ ਇਲਾਵਾ ਇਨੈਲੋ ਨੇਤਾ ਅਭੈ ਚੌਟਾਲਾ ਨੇ ਵੀ ਹਰਿਆਣਾ ਸਰਕਾਰ 'ਤੇ ਚੁਟਕੀ ਲਈ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਸ਼ਲ ਮੀਡੀਆ 'ਤੇ ਕੀਤੀ ਗਈ ਪੋਸਟ ਵਿੱਚ ਲਿਖਿਆ ਹੈ ਕਿ ਕਿਸਾਨ ਸਖ਼ਤ ਮਿਹਨਤ ਕਰਦੇ ਹਨ ਅਤੇ ਖੇਤਾਂ ਵਿੱਚ ਫਸਲ ਉੱਗਾ ਕਿ ਦਿੰਦੇ ਹਨ। ਭਾਜਪਾ ਸਰਕਾਰ ਆਪਣਾ ਹੱਕ ਮੰਗਣ ਤੇ ਉਨ੍ਹਾਂ ਦਾ ਡੰਡਿਆਂ ਨਾਲ ਖੂਨ ਵਹਾਉਂਦੀ ਹੈ। ਕਿਸਾਨਾਂ 'ਤੇ ਪਈ ਹਰ ਸੋਟੀ ਭਾਜਪਾ ਸਰਕਾਰ ਦੇ ਤਾਬੂਤ 'ਚ ਮੇਖ ਦਾ ਕੰਮ ਕਰੇਗੀ।"