ਅੰਮ੍ਰਿਤਸਰ: ਹਰਿਆਣਾ ਅਤੇ ਅੰਮ੍ਰਿਤਸਰ 'ਚ ਕਿਸਾਨਾਂ 'ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਦੇ ਵਲੋਂ ਅੱਜ ਅੰਮ੍ਰਿਤਸਰ-ਜੰਮੂ ਨੈਸ਼ਨਲ ਹਾਈਵੇਅ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਮਾਝਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਸਰਕਾਰ ਖਿਲ਼ਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਸੀ, ਕਿ ਕਿਸਾਨਾਂ ਵਲੋਂ ਆਰਾਮ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰ ਸਰਕਾਰ ਵਲੋਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

 

ਹਾਈਵੇਅ ਪ੍ਰਦਰਸ਼ਨ ਹੋਣ ਕਰਕੇ ਦੂਰ-ਦੂਰ ਤਕ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ, ਇਸ ਦੌਰਾਨ ਬਸਾਂ ਅਤੇ ਨਿੱਜੀ ਵਾਹਨਾਂ 'ਚ ਬੈਠੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪਿਆ। ਮਾਝਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਿਸਾਨ ਗੁਰਪ੍ਰੀਤ ਸਿੰਘ, ਹਰਮਨ ਸਿੰਘ, ਜਸਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਅਤੇ ਅੰਮ੍ਰਿਤਸਰ 'ਚ ਕੱਲ੍ਹ ਜੋ ਘਟਨਵਾਂ ਹੋਈਆਂ ਹਨ, ਅਸੀਂ ਇਸਦੀ ਕੜੀ ਨਿੰਦਾ ਕਰਦੇ ਹਾਂ। 

 

ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਘਟਨਾ ਸਰਕਾਰਾਂ ਦੀ ਕਹਿਣ 'ਤੇ ਕੀਤੀ ਪੁਲਿਸ ਵਲੋਂ ਕੀਤੀ ਗਈ ਹੈ। ਹਰਿਆਣਾ ਦੀ ਖੱਟਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਜੋ ਧੱਕਾ ਕੀਤਾ ਹੈ ਅਸੀਂ ਉਸਦੇ ਵਿਰੋਧ 'ਚ 2 ਘੰਟੇ ਲਈ ਹਾਈਵੇਅ ਜਾਮ ਕੀਤਾ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰਾਂ ਨੇ ਕੱਲ੍ਹ ਜੋ ਵਰਤਾਵਾ ਕੀਤਾ ਹੈ, ਅਸੀਂ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਾਂਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਅੱਗੇ ਤੋਂ ਸਰਕਾਰ ਵਲੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਤਾਂ ਫਿਰ ਮਾਹੌਲ ਵੀ ਖਰਾਬ ਹੋ ਸਕਦਾ ਹੈ। ਇਸ ਦੀ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ। 

 

ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਹਾਈਵੇਅ ਜਾਮ ਹੋਣ ਨਾਲ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ,ਪਰ ਇਹ ਸਾਡੀ ਮਜਬੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਰੀਬ 9 ਮਹੀਨੇ ਤੋਂ ਦਿੱਲੀ 'ਚ ਪ੍ਰਦਰਸ਼ਨ ਕਰ ਰਹੇ ਹਾਂ, ਸਰਕਾਰਾਂ ਸਾਡੇ ਪ੍ਰਦਰਸ਼ਨ ਤੋਂ ਘਬਰਾ ਚੁੱਕੀਆਂ ਹਨ। ਇਸ ਲਈ ਉਹ ਕੋਝੀਆਂ ਹਰਕਤਾਂ ਕਰ ਰਹੀਆਂ ਹਨ। 

 

ਉਨ੍ਹਾਂ ਨੇ ਕਿਹਾ ਕਿ ਇਕ ਅਫਸਰ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਹਿ ਰਿਹਾ ਹੈ, ਕਿ ਕੋਈ ਵੀ ਕਿਸਾਨ ਇਥੋਂ ਸਿਰ ਪਾਟੇ ਤੋਂ ਬੇਗ਼ੈਰ ਨਹੀਂ ਜਾਣਾ ਚਾਹੀਦਾ ਹੈ। ਇਹ ਅਫਸਰ ਕਿਸ ਤਰ੍ਹਾਂ ਦੀ ਸੋਚ ਵਾਲਾ ਹੋ ਸਕਦਾ ਹੈ, ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਜਿੰਨੀਆਂ ਮਰਜ਼ੀ ਡਾਂਗਾਂ ਮਾਰ ਲਵੋ ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ। ਉਨ੍ਹਾਂ ਨੇ ਕਿਹਾ ਕਿ, ਕਿਸਾਨਾਂ ਦੇ ਜਿੰਨੇ ਮਰਜ਼ੀ ਸਿਰ ਪਾੜ ਲਵੋ ਜਾ ਸਿਰ ਲਾਹ ਦਵੋ, ਇਥੇ ਸਿਰਾਂ ਦੀ ਘਾਟ ਨਹੀਂ ਹੈ। ਉਨ੍ਹਾਂ ਨੇ ਸਰਕਾਰ ਨੂੰ ਫਿਰ ਤੋਂ ਅਪੀਲ ਕੀਤੀ ਕਿ ਖੇਤੀ ਕਾਨੂੰਨ ਜਲਦ ਰੱਦ ਕੀਤੇ ਜਾਣ, ਤਾਂ ਕਿਸਾਨ ਆਪਣੇ ਘਰਾਂ 'ਚ ਵਾਪਿਸ ਆ ਸਕਣ।