ਚੰਡੀਗੜ੍ਹ: ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਜਨਵਰੀ ਮਹੀਨੇ ਤੋਂ ਇੱਕ ਵਾਰ ਫਿਰ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਖ਼ਿਲਾਫ਼ ਮੋਰਚਾ ਖੋਲ੍ਹਣਗੇ। ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਰੋਡਵੇਜ਼ ਵੱਲ ਧਿਆਨ ਨਹੀਂ ਦੇ ਰਹੇ ਜਿਸ ਕਰਕੇ ਸੂਬੇ ਨੂੰ ਰੋਜ਼ਾਨਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਮੁਲਾਜ਼ਮਾਂ ਮੁਤਾਬਕ ਸਰਕਾਰੀ ਬੱਸਾਂ ਇੱਕ ਮਹੀਨੇ ਤੋਂ ਦੱਲੀ ਹਵਾਈ ਅੱਡੇ ਵੱਲ ਨਹੀਂ ਜਾ ਰਹੀਆਂ ਜਦੋਂਕਿ ਬਾਦਲ ਟਰਾਂਸਪੋਰਟ ਦੀਆਂ ਬੱਸਾਂ ਨੂੰ ਕੋਈ ਰੋਕ ਨਹੀਂ ਹੈ। ਉਨ੍ਹਾਂ ਸੂਬਾ ਸਰਕਾਰ ’ਤੇ ਵੀ ਬਾਦਲ ਟਰਾਂਸਪੋਰਟ ਦਾ ਸਾਥ ਦੇਣ ਦੇ ਇਲਜ਼ਾਮ ਲਾਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਰੋਡਵੇਜ਼ ਮੁਲਾਜ਼ਮ ਜਨਵਰੀ ਤੋਂ ਰੋਡਵੇਜ਼ ਮੰਤਰੀ ਖ਼ਿਲਾਫ਼ ਅਭਿਆਨ ਸ਼ੁਰੂ ਕਰਣਗੇ। ਇਸ ਮੁਹਿੰਮ ਦੇ ਤਹਿਤ ਮੁਲਾਜ਼ਮ ‘ਮੰਤਰੀ ਭਜਾਓ ਰੋਡਵੇਜ਼ ਬਚਾਓ’ ਦਾ ਨਾਅਰਾ ਦੇ ਰਹੇ ਹਨ। ਪਹਿਲੀ ਜਨਵਰੀ ਨੂੰ ਸੂਬੇ ਭਰ ਦੇ ਰੋਡਵੇਜ਼ ਮੁਲਾਜ਼ਮ ਗੇਟ ਰੈਲੀਆਂ ਕਰਨਗੇ। ਅੱਠ ਅਤੇ ਨੌਂ ਜਨਵਰੀ ਨੂੰ ਰੋਡਵੇਜ਼ ਦਾ ਪੂਰੀ ਤਰ੍ਹਾਂ ਚੱਕਾ ਜਾਮ ਕੀਤਾ ਜਾਏਗਾ ਅਤੇ ਦੋ ਤੋਂ ਚਾਰ ਜਨਵਰੀ ਤਕ ਚੰਡੀਗੜ੍ਹ ਵਿੱਚ ਅਰੁਣਾ ਚੌਧਰੀ ਖਿਲਾਫ ਧਰਨਾ ਦਿੱਤਾ ਜਾਏਗਾ।
ਮੁਲਾਜ਼ਮਾਂ ਨੇ ਮੰਤਰੀ ’ਤੇ ਰੋਡਵੇਜ਼ ਵੱਲ ਧਿਆਨ ਨਾ ਦੇਣ ਦੇ ਇਲਜ਼ਾਮ ਲਾਏ ਹਨ। ਮੁਲਾਜ਼ਮਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਮਹਿਕਮੇ ਵੱਲ ਧਿਆਨ ਨਹੀਂ ਦੇ ਰਹੇ ਜਿਸ ਕਰਕੇ ਮਹਿਕਮਾ ਘਾਟੇ ਵੱਲ ਜਾ ਰਿਹਾ ਹੈ। ਕੈਪਟਨ ਸਰਕਾਰ ਦੀ ਸ਼ੁਰੂਆਤ ਵਿੱਚ ਮਾਫੀਆ ਸਰਕਾਰ ਤੋਂ ਡਰ ਗਿਆ ਸੀ ਪਰ ਹੁਣ ਅਕਾਲੀਆਂ ਦੇ ਨਾਲ-ਨਾਲ ਕਾਂਗਰਸੀਆਂ ਦੀਆਂ ਬੱਸਾਂ ਵੀ ਹਰਿਆਣਾ ਤੇ ਰਾਜਨਥਾਨ ਤੋਂ ਦਿੱਲੀ ਏਅਰਪੋਰਟ ਵੱਲ ਜਾ ਰਹੀਆਂ ਹਨ। ਇਸ ਦੇ ਰੋਸ ਵਜੋਂ ਇੱਕ ਜਨਵਰੀ ਨੂੰ ਪੂਰੇ ਸੂਬੇ ਵਿੱਚ ਰੋਡਵੇਜ਼ ਮੁਲਾਜ਼ਮ ਡਿਪੂਆਂ ਅੱਗੇ ਰੈਲੀਆਂ ਕਰਨਗੇ।