ਫਿਰੋਜ਼ਪੁਰ : ਇੱਕ ਔਰਤ ਦੇ ਖਾਤੇ 'ਚੋਂ 2.20 ਲੱਖ ਰੁਪਏ ਕਢਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 'ਚ ਇੱਕ ਵਿਅਕਤੀ ਨੇ ਕੈਨੇਡਾ ਦੇ ਨੰਬਰ ਤੋਂ ਕਾਲ ਕਰਕੇ ਖੁਦ ਨੂੰ ਉਕਤ ਔਰਤ ਦਾ ਭਾਣਜਾ ਦੱਸਿਆ ਅਤੇ ਇੱਥੋਂ ਤੱਕ ਕਿ ਉਸ ਦੀ ਅਵਾਜ਼ ਵੀ ਸੇਮ ਤਰ੍ਹਾਂ ਕੱਢ ਕੇ ਔਰਤ ਨੂੰ ਝਾਂਸਾ ਦੇ ਕੇ ਉਸ ਦੇ ਖਾਤੇ ਵਿੱਚੋਂ 2.20 ਲੱਖ ਰੁਪਏ ਟਰਾਂਸਫਰ ਕਰਵਾ ਲਏ।
ਜਦੋਂ ਇਸ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆਈ ਤਾਂ ਮਹਿਲਾ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਪੁਲਸ ਦੇ ਉੱਚ ਅਧਿਕਾਰੀਆਂ ਨੇ ਮਹਿਲਾ ਦੇ ਬਿਆਨ 'ਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਸ਼ੁਕਰ ਆਲਮ ਵਾਸੀ ਬਿਹਾਰ ਦੇ ਖਿਲਾਫ ਪਰਚਾ ਦਰਜ ਕੀਤਾ ਹੈ।
ਫਿਰੋਜ਼ਪੁਰ ਰੋਡ 'ਤੇ ਸਥਿਤ ਸਤਿਗੁਰੂ ਨਗਰ ਦੀ ਰਹਿਣ ਵਾਲੀ ਸੁਰਜੀਤ ਕੌਰ ਨੇ ਦੱਸਿਆ ਕਿ ਜਲੰਧਰ ਦਾ ਰਹਿਣ ਵਾਲਾ ਉਸ ਦਾ ਭਾਣਜਾ ਇਨ੍ਹੀਂ ਦਿਨੀਂ ਕੈਨੇਡਾ 'ਚ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਕੈਨੇਡਾ ਦੇ ਨੰਬਰ ਤੋਂ ਫੋਨ ਆਇਆ। ਉਹ ਖ਼ੁਦ ਨੂੰ ਉਸਦਾ ਭਾਣਜਾ ਕਹਿੰਦਾ ਸੀ। ਸੁਰਜੀਤ ਕੌਰ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੌਜਵਾਨ ਨੇ ਖ਼ੁਦ ਨੂੰ ਮੁਸੀਬਤ ਵਿੱਚ ਫਸਿਆ ਦੱਸਕੇ ਉਸ ਤੋਂ 2.20 ਲੱਖ ਰੁਪਏ ਮੰਗੇ ਅਤੇ ਤੁਰੰਤ ਖਾਤੇ ਵਿੱਚ ਵੀ ਟਰਾਂਸਫਰ ਕਰਵਾ ਲਏ।
ਇਸ ਦੇ ਇਲਾਵਾ ਇੱਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਖ਼ੁਦ ਨੂੰ ਬੈਂਕ ਮੁਲਾਜ਼ਮ ਦੱਸ ਕੇ ਨੌਸਰਬਾਜ਼ ਨੇ ਸਟੇਟ ਬੈਂਕ ਆਫ ਇੰਡੀਆ ਦੇ ਖਾਤਾਧਾਰਕ ਤੋਂ ਕ੍ਰੈਡਿਟ ਕਾਰਡ ਨੰਬਰ ਲੈ ਕੇ 70 ਹਜ਼ਾਰ ਰੁਪਏ ਕਢਵਾ ਲਏ। ਇਸ ਧੋਖਾਧੜੀ ਦਾ ਪਤਾ ਲੱਗਣ 'ਤੇ ਬੈਂਕ ਖਾਤਾਧਾਰਕ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ। ਜਾਂਚ ਤੋਂ ਬਾਅਦ ਬਲਜਿੰਦਰ ਸਿੰਘ ਵਾਸੀ ਡਾਬਾ ਦੇ ਬਿਆਨਾਂ 'ਤੇ ਦੋਸ਼ੀ ਪਾਏ ਗਏ, ਜਿਨ੍ਹਾਂ 'ਚੋਂ ਰਾਜਸਥਾਨ ਦੇ ਸਮੀਰ ਖਾਨ, ਸੋਨੀਪਤ ਦੇ ਅਮਨ ਕੁਮਾਰ, ਪੱਛਮੀ ਬੰਗਾਲ ਦੇ ਕੋਮਲ ਹੈਲਡਰ 'ਤੇ ਪਰਚਾ ਦਰਜ ਕੀਤਾ ਗਿਆ।