Punjab Weather Update: ਇੱਕ ਪਾਸੇ ਜਿੱਥੇ ਤਪਦੀ ਗਰਮੀ ਵਿੱਚ ਬੱਦਲ ਰਾਹਤ ਲੈ ਕੇ ਆਏ ਪਰ ਇਹ ਅਬੋਹਰ ਦੇ ਇੱਕ ਪਰਿਵਾਰ ਲਈ ਆਫ਼ਤ ਬਣ ਗਏ। ਦਰਅਸਲ ਅਬੋਹਰ 'ਚ ਵੀਰਵਾਰ ਸ਼ਾਮ ਤੇ ਰਾਤ ਨੂੰ ਹੋਈ ਭਾਰੀ ਬਾਰਿਸ਼ ਕਾਰਨ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਇੱਕ ਮਕਾਨ ਦੀ ਛੱਤ ਡਿੱਗ ਗਈ। ਮੋਹਨ ਨਗਰ 'ਚ ਵਾਪਰੇ ਇਸ ਹਾਦਸੇ 'ਚ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਮਲਬੇ ਹੇਠਾਂ ਦੱਬ ਗਏ। ਇਸ ਦਾ ਪਤਾ ਲੱਗਦੇ ਹੀ ਇਲਾਕਾ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਏ। ਉਨ੍ਹਾਂ ਨੇ ਮਲਬਾ ਹਟਾ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਹਾਲਾਂਕਿ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਏ ਗਏ ਪਤੀ ਦੀ ਮੌਤ ਹੋ ਗਈ ਜਦਕਿ ਪਤਨੀ ਅਤੇ ਬੇਟੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਦੀਆਂ 3 ਬੇਟੀਆਂ ਅਤੇ ਇੱਕ ਬੇਟਾ ਸੀ।


ਕਿਵੇਂ ਵਾਪਰਿਆ ਇਹ ਹਾਦਸਾ ?


ਮ੍ਰਿਤਕ ਦੀ ਧੀ ਨੇ ਦੱਸਿਆ ਕਿ ਉਸ ਦਾ ਪਿਤਾ ਪੰਜਾਬ ਸਿੰਘ ਅਤੇ ਮਾਤਾ ਰਾਣੋ ਘਰ ਦੇ ਅੰਦਰ ਕਮਰੇ ਵਿੱਚ ਬੈਠੇ ਸਨ। ਉਸ ਸਮੇਂ ਉਹ ਖ਼ੁਦ ਕੁਝ ਸਾਮਾਨ ਲੈਣ ਕਮਰੇ ਵਿੱਚ ਗਈ ਸੀ। ਇਸ ਦੌਰਾਨ ਅਚਾਨਕ ਮਕਾਨ ਦੀ ਛੱਤ ਉਨ੍ਹਾਂ 'ਤੇ ਡਿੱਗ ਗਈ, ਜਿਸ ਕਾਰਨ ਉਹ ਸਾਰੇ ਛੱਤ ਹੇਠਾਂ ਦੱਬ ਗਏ। ਛੱਤ ਦਾ ਮਲਬਾ ਜ਼ਿਆਦਾ ਹੋਣ ਕਰਕੇ ਉਹ ਆਪਣੇ ਆਪ ਬਾਹਰ ਨਹੀਂ ਨਿਕਲ ਸਕੇ। ਉਨ੍ਹਾਂ ਨੇ ਬਚਾਅ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਜਿੱਥੇ ਉਸ ਦੇ ਪਿਤਾ ਦੀ ਦਰਦਨਾਕ ਮੌਤ ਹੋ ਗਈ ਜਦਕਿ ਉਸ ਦੀ ਮਾਤਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।


ਇਲਾਕਾ ਵਾਸੀਆਂ ਨੇ ਪਰਿਵਾਰ ਲਈ ਕੀਤੀ ਮਦਦ ਦੀ ਮੰਗ 


ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪੰਜਾਬ ਸਿੰਘ ਪੱਲੇਦਾਰੀ ਦਾ ਕੰਮ ਕਰਦਾ ਸੀ। ਪਰਿਵਾਰ ਦੇ ਬਾਕੀ ਮੈਂਬਰ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਪਰਿਵਾਰ ਮੁਤਾਬਕ ਉਨ੍ਹਾਂ ਦਾ ਸਾਰਾ ਸਮਾਨ ਮਲਬੇ ਹੇਠ ਦੱਬ ਕੇ ਟੁੱਟ ਗਿਆ ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਰਿਵਾਰ ਦੀ ਮਦਦ ਦੀ ਮੰਗ ਕੀਤੀ ਹੈ।