ਰੂਪਨਗਰ: ਜ਼ਿਲ੍ਹੇ ਅਧੀਨ ਪੈਂਦੇ ਖਿਜ਼ਰਾਬਾਦ ਦੇ ਡੇਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਕਿਸੇ ਅਖੌਤੀ ਗ੍ਰੰਥ ਸਜਾ ਕੇ ਪਖੰਡ ਰਚਣ ਦਾ ਮਾਮਲਾ ਗਰਮਾ ਗਿਆ ਹੈ। ਇਸ ਡੇਰੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਅਨੁਸਾਰ ਚੰਦੋਆਂ ਲਾ ਅਖੌਤੀ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ।
ਸਮਾਗਮ ਵਿੱਚ ਆਉਣ ਵਾਲੀ ਸੰਗਤ ਅਖੌਤੀ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਮਝ ਕੇ ਮੱਥਾ ਟੇਕਦੀ ਰਹੀ। ਸਮਾਗਮ ਵਿੱਚ ਪੰਥ ਦੇ ਉੱਚ ਕੋਟੀ ਦੇ ਰਾਗੀ ਜਥੇ ਆਏ ਸਨ। ਉਨ੍ਹਾਂ ਨੂੰ ਵੀ ਇਸ ਦਾ ਅਹਿਸਾਸ ਨਾ ਹੋਇਆ। ਅਖੌਤੀ ਗ੍ਰੰਥ ਦਾ ਪਤਾ ਸਮਾਗਮ ਦੀ ਸਮਾਪਤੀ ਸਮੇਂ ਲੱਗਾ ਜਦੋਂ ਹੁਮਕਨਾਮਾ ਦੀ ਥਾਂ ਕੁਝ ਹੋਰ ਹੀ ਪੜ੍ਹਿਆ ਜਾਣ ਲੱਗਾ।
ਹੁਣ ਪੰਥਕ ਜਥੇਬੰਦੀਆਂ ਦੇ ਵਿਰੋਧ ਦੇ ਚੱਲਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉੱਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ।
ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਹੈ ਅਜਿਹਾ ਕਰਨਾ ਸਿੱਖ ਸਿਧਾਂਤਾਂ, ਸਿੱਖ ਰਹਿਤ ਮਰਿਆਦਾ ਦੀ ਘੋਰ ਉਲੰਘਣਾ ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿੱਖ ਕੌਮ ਦੇ ਧਾਰਮਿਕ ਗ੍ਰੰਥ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਇਸ ਪਾਵਨ ਗ੍ਰੰਥ ਦੇ ਤੁੱਲ ਹੋਰ ਕਿਸੇ ਦੁਨਿਆਵੀ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ।