ਲੁਧਿਆਣਾ: ਐਰਐਸਐਸ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ਦਾ ਹਾਲ ਜਾਣਨ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਡੀਜੀਪੀ ਸੁਰੇਸ਼ ਅਰੋੜਾ ਲੁਧਿਆਣਾ ਦੇ ਡੀਐਮਸੀ ਪਹੁੰਚੇ। ਇੱਥੇ ਉਨ੍ਹਾਂ ਗਗਨੇਜਾ ਦਾ ਹਾਲ ਜਾਣਨ ਪਿੱਛੋਂ ਕਿਹਾ ਕਿ ਹਮਲੇ ਦੀ ਜਾਂਚ ਲਈ 10 ਟੀਮਾਂ ਬਣਾਈਆਂ ਗਈਆਂ ਹਨ। ਜਲਦ ਹੀ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਣਗੇ। ਸੁਰੱਖਿਆ ਏਜੰਸੀਆਂ ਇਸ ਹਮਲੇ ਨੂੰ ਅੱਤਵਾਦੀ ਕਾਰਵਾਈ ਨਾਲ ਵੀ ਜੋੜ ਕੇ ਵੇਖ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਆਰ.ਐਸ.ਐਸ. ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ 65 ਸਾਲਾ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ’ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ ਸੀ। ਹਮਲਾ ਉਸ ਸਮੇਂ ਹੋਇਆ ਜਦੋਂ ਗਗਨੇਜਾ ਸ਼ਨੀਵਾਰ ਰਾਤ ਕਰੀਬ ਅੱਠ ਵਜੇ ਜੋਤੀ ਚੌਕ ਨੇੜੇ ਕਿਸੇ ਕੰਮ ਲਈ ਰੁਕੇ ਸਨ। ਇਸ ਦੌਰਾਨ ਜਿਵੇ ਹੀ ਗਗਨੇਜਾ ਆਪਣੀ ਕਾਰ ’ਚੋਂ ਉੱਤਰਿਆ ਤਾਂ ਦੋ ਮੋਟਰਸਾਈਕਲ ਸਵਾਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਸਮੇਂ ਗਗਨੇਜਾ ਦੀ ਪਤਨੀ ਵੀ ਉਨ੍ਹਾਂ ਨਾਲ ਸੀ ਪਰ ਉਨ੍ਹਾਂ ਦਾ ਵਾਲ ਵਾਲ ਬਚਾਅ ਹੋ ਗਿਆ। ਹਮਲਾ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਗਗਨੇਜਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਡਾਕਟਰਾਂ ਅਨੁਸਾਰ ਗਗਨੇਜਾ ਨੂੰ ਤਿੰਨ ਗੋਲੀਆਂ ਲੱਗੀਆਂ ਸਨ।