ਬੀਜੇਪੀ ਦੀ ਹੁਣ ਪੰਜਾਬ 'ਤੇ ਅੱਖ, ਆਰਐਸਐਸ 'ਮਿਸ਼ਨ 2022' ਲਈ ਜੁਟੀ
ਏਬੀਪੀ ਸਾਂਝਾ | 06 Oct 2019 05:54 PM (IST)
ਬੀਜੇਪੀ ਪੰਜਾਬ ਵਿੱਚ ਭਗਵਾਂ ਝੰਡਾ ਝੁਲਾਉਣ ਲਈ ਤਰਲੋ-ਮੱਛੀ ਹੋ ਰਹੀ ਪਰ ਮੌਜੂਦਾ ਸਿਆਸੀ ਸਮੀਕਰਨਾਂ ਕਰਕੇ ਉਸ ਦੀ ਪੇਸ਼ ਨਹੀਂ ਜਾ ਰਹੀ। ਹਰਿਆਣਾ ਵਿੱਚ ਅਕਾਲੀ ਦਲ ਨੂੰ ਝਟਕਾ ਦੇਣ ਦੇ ਬਾਵਜੂਦ ਬੀਜੇਪੀ ਅਜੇ ਅਕਾਲੀ ਦਲ ਨਾਲ ਹੀ ਚੱਲਣ ਵਿੱਚ ਭਲਾਈ ਸਮਝਦੀ ਹੈ। ਬੀਜੇਪੀ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਸਿੱਖ ਵੋਟਰ ਵਿੱਚ ਸੰਨ੍ਹ ਲਾਏ ਬਿਨਾ ਪੰਜਾਬ ਦੀ ਸੱਤਾ ਹਾਸਲ ਕਰਨਾ ਸੌਖਾ ਨਹੀਂ। ਇਸ ਲਈ ਬੀਜੇਪੀ ਨੇ ਅੰਦਰ-ਖਾਤੇ ਸਰਗਰਮੀ ਵਿੱਢ ਵੀ ਦਿੱਤੀ ਹੈ।
ਚੰਡੀਗੜ੍ਹ: ਬੀਜੇਪੀ ਪੰਜਾਬ ਵਿੱਚ ਭਗਵਾਂ ਝੰਡਾ ਝੁਲਾਉਣ ਲਈ ਤਰਲੋ-ਮੱਛੀ ਹੋ ਰਹੀ ਪਰ ਮੌਜੂਦਾ ਸਿਆਸੀ ਸਮੀਕਰਨਾਂ ਕਰਕੇ ਉਸ ਦੀ ਪੇਸ਼ ਨਹੀਂ ਜਾ ਰਹੀ। ਹਰਿਆਣਾ ਵਿੱਚ ਅਕਾਲੀ ਦਲ ਨੂੰ ਝਟਕਾ ਦੇਣ ਦੇ ਬਾਵਜੂਦ ਬੀਜੇਪੀ ਅਜੇ ਅਕਾਲੀ ਦਲ ਨਾਲ ਹੀ ਚੱਲਣ ਵਿੱਚ ਭਲਾਈ ਸਮਝਦੀ ਹੈ। ਬੀਜੇਪੀ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਸਿੱਖ ਵੋਟਰ ਵਿੱਚ ਸੰਨ੍ਹ ਲਾਏ ਬਿਨਾ ਪੰਜਾਬ ਦੀ ਸੱਤਾ ਹਾਸਲ ਕਰਨਾ ਸੌਖਾ ਨਹੀਂ। ਇਸ ਲਈ ਬੀਜੇਪੀ ਨੇ ਅੰਦਰ-ਖਾਤੇ ਸਰਗਰਮੀ ਵਿੱਢ ਵੀ ਦਿੱਤੀ ਹੈ। ਇਸੇ ਰਣਨੀਤੀ ਤਹਿਤ ਬੀਜੇਪੀ ਸਿੱਖ ਵਿਰੋਧੀ ਹੋਣ ਦਾ ਦਾਗ਼ ਧੋਣ ਲਈ ਸਰਗਰਮ ਹੋਈ ਹੈ। ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਸਿੱਖਾਂ ਦੀਆਂ ਕਾਲੀਆ ਸੂਚੀਆਂ ਖ਼ਤਮ ਕਰਨ ਤੇ ਹੁਣ ਖਾਲਿਸਤਾਨ ਪੱਖੀਆਂ ਦੀਆਂ ਸਜ਼ਾਵਾਂ ਮੁਆਫ਼ ਜਾਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਇਸੇ ਕਵਾਇਦ ਦਾ ਹਿੱਸਾ ਹਨ। ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਤੇ ਭਾਜਪਾ ਵੱਲੋਂ ਇਨ੍ਹਾਂ ਫੈਸਲਿਆਂ ਦਾ ਲਾਭ ਭਗਵਾਂ ਪਾਰਟੀ ਨੂੰ ਪਹੁੰਚਾਉਣ ਲਈ ਬਾਕਾਇਦਾ ਰਣਨੀਤੀ ਘੜੀ ਜਾ ਰਹੀ ਹੈ। ਭਾਜਪਾ ਤੇ ਆਰਐਸਐਸ ਮੰਨਣਾ ਹੈ ਕਿ ਸਿੱਖਾਂ ਦੇ ਮਨਾਂ ਵਿੱਚ ਆਰਐਸਐਸ ਦੇ ਸਿੱਖ ਵਿਰੋਧੀ ਹੋਣ ਦੀ ਗੱਲ ਘਰ ਕਰੀ ਬੈਠੀ ਹੈ। ਆਰਐਸਐਸ ਵੱਲੋਂ ਇਹ ਧੱਬਾ ਧੋਣ ਲਈ ਹਰ ਯਤਨ ਕੀਤਾ ਜਾਵੇਗਾ। ਚਰਚਾ ਹੈ ਕਿ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਾਦਲ ਵਿਰੋਧੀ ਸਿੱਖਾਂ ਦੇ ਆਧਾਰ ਦਾ ਪੈਮਾਨਾ ਮਾਪਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਰਐਸਐਸ ਦੇ ਸੁਝਾਅ ’ਤੇ ਕੇਂਦਰ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਾਂ ਦਾ ਝੁਕਾਅ ਪਾਰਟੀ ਵੱਲ ਕਰਨ ਲਈ ਕੁਝ ਹੋਰ ਫ਼ੈਸਲੇ ਵੀ ਲਏ ਜਾਣਗੇ। ਬੀਜੇਪੀ ਦੀ ਸੂਬਾਈ ਲੀਡਰਸ਼ਿਪ ਵੱਲੋਂ ਭਾਵੇਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਨਾਲੋਂ ਗੱਠਜੋੜ ਤੋੜ ਕੇ ਆਪਣੇ ਦਮ ’ਤੇ ਚੋਣਾਂ ਲੜਨ ’ਤੇ ਜ਼ੋਰ ਦਿੱਤਾ ਜਾ ਰਿਹਾ ਸੀ ਪਰ ਜ਼ਮੀਨੀ ਹਕੀਕਤ ਨੂੰ ਸਮਝਦਿਆਂ ਗੱਠਜੋੜ ਤੋੜਨ ਦਾ ਫੈਸਲਾ ਨਹੀਂ ਲਿਆ ਜਾ ਸਕਿਆ। ਸਾਲ 2019 ਦੀਆਂ ਚੋਣਾਂ ’ਚ ਪਾਰਟੀ ਦਾ ਕੌਮੀ ਪੱਧਰ ’ਤੇ ਵਧੀਆ ਪ੍ਰਦਰਸ਼ਨ ਰਹਿਣ ਤੇ ਪੰਜਾਬ ਵਿੱਚ ਵੀ ਹਿੰਦੂ ਵਰਗ ਨਾਲ ਸਬੰਧਤ ਵੋਟਰਾਂ ਦਾ ਝੁਕਾਅ ਬੀਜੇਪੀ ਵੱਲ ਹੋਣ ਕਾਰਨ ਪਾਰਟੀ ਲੀਡਰਾਂ ਦਾ ਹੌਸਲੇ ਬੁਲੰਦ ਹਨ।