ਸ਼ਬਜੀ ਮੰਡੀ 'ਚ ਨਾ ਪਾਓ ਭੀੜ, ਜੇ ਉਲੰਘਣਾ ਕੀਤੀ ਤਾਂ ਭੇਜੇ ਜਾਓਗੇ ਓਪਨ ਜੇਲ
ਏਬੀਪੀ ਸਾਂਝਾ | 25 Apr 2020 07:27 PM (IST)
ਅੰਮ੍ਰਿਤਸਰ ਦੀ ਸਬਜੀ ਮੰਡੀ ਵੱਲਾ 'ਚ ਇਕੱਠੀ ਹੁੰਦੀ ਭੀੜ ਦਾ ਗੰਭੀਰ ਨੋਟਿਸ ਲੈਂਦੇ ਐਸਡੀਐਮ ਅੰਮ੍ਰਿਤਸਰ ਵਿਕਾਸ ਹੀਰਾ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ।
ਅੰਮ੍ਰਿਤਸਰ: ਅੰਮ੍ਰਿਤਸਰ ਦੀ ਸਬਜੀ ਮੰਡੀ ਵੱਲਾ 'ਚ ਇਕੱਠੀ ਹੁੰਦੀ ਭੀੜ ਦਾ ਗੰਭੀਰ ਨੋਟਿਸ ਲੈਂਦੇ ਐਸਡੀਐਮ ਅੰਮ੍ਰਿਤਸਰ ਵਿਕਾਸ ਹੀਰਾ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਉਨਾਂ ਸਪੱਸ਼ਟ ਕੀਤਾ ਹੈ ਕਿ ਹੁਣ ਜੋ ਵੀ ਵਿਅਕਤੀ ਇੰਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ, ਉਸ ਨੂੰ ਅੰਮ੍ਰਿਤਸਰ ਵਿਚ ਬਣਾਈ ਗਈ ਓਪਨ ਜੇਲ ਵਿਚ ਭੇਜ ਦਿੱਤਾ ਜਾਵੇਗਾ। ਏਡੀਸੀਪੀ ਤਿੰਨ ਨੂੰ ਇਸ ਬਾਬਤ ਉਨਾਂ ਵੱਲੋਂ ਪੱਤਰ ਲਿਖਕੇ ਵਧੇਰੇ ਪੁਲਿਸ ਦੀ ਮੰਗ ਕਰ ਲਈ ਗਈ ਹੈ, ਤਾਂ ਕਿ ਜੋ ਵੀ ਵਿਅਕਤੀ ਇਸ ਮੌਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਵਧਾਨੀਆਂ ਦਾ ਪਾਲਣ ਨਾ ਕਰੇ, ਉਸ ਨੂੰ ਫੌਰੀ ਤੌਰ ਉਤੇ ਓਪਨ ਜੇਲ ਭੇਜ ਦਿੱਤਾ ਜਾਵੇ। ਵਿਕਾਸ ਹੀਰਾ ਨੇ ਸਪੱਸ਼ਟ ਕੀਤਾ ਹੈ ਕਿ ਮੰਡੀ ਵਿਚ ਹੁਣ ਤੋਂ ਕੋਈ ਮੋਟਰਸਾਈਕਲ, ਸਕੂਟਰ ਦਾਖਲ ਨਹੀਂ ਹੋਵੇਗਾ, ਚਾਹੇ ਉਸ ਕੋਲ ਕਰਫਿਊ ਪਾਸ ਹੀ ਕਿਉਂ ਨਾ ਹੋਵੇ। ਉਨਾਂ ਕਿਹਾ ਕਿ ਇਸੇ ਤਰਾਂ ਮੰਡੀ ਵਿਚ ਪੈਦਲ ਜਾਣ ਵਾਲੇ ਲੋਕਾਂ ਲਈ ਵੀ ਦਾਖਲਾ ਮਨਾ ਹੋਵੇਗਾ।ਇਸ ਤੋਂ ਇਲਾਵਾ ਸਬਜੀ ਮੰਡੀ ਵਿੱਚ ਆਇਆ ਕੋਈ ਕਿਸਾਨ, ਵਪਾਰੀ, ਦੁਕਾਨਦਾਰ, ਆੜਤੀਆ ਜਾਂ ਕਰਮਚਾਰੀ ਮਾਸਕ ਤੋਂ ਬਿਨਾਂ ਨਹੀਂ ਹੋਵੇਗਾ, ਜੋ ਵੀ ਇਸ ਮੌਕੇ ਬਿਨਾਂ ਮਾਸਕ ਤੋਂ ਮਿਲਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਫੌਰੀ ਤੌਰ ਕੀਤੀ ਜਾਵੇਗੀ।