ਚੰਡੀਗੜ੍ਹ: ਬੇਅਦਬੀ ਤੇ ਗੋਲੀਬਾਰੀ ਕਾਂਡ ਵਿੱਚ ਉਲਝੇ ਪੁਲਿਸ ਅਫਸਰ ਮੁੜ ਹਾਈਕੋਰਟ ਪਹੁੰਚ ਗਏ ਹਨ। ਉਨ੍ਹਾਂ ਨੇ ਹਾਈਕੋਰਟ ਦੇ ਸਿੰਗਲ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਰਾਜਨ ਗੁਪਤਾ ਦੇ ਸਿੰਗਲ ਬੈਂਚ ਨੇ 24 ਜਨਵਰੀ ਨੂੰ ਉਨ੍ਹਾਂ ਦੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸੀ।
ਇਨ੍ਹਾਂ ਪਟੀਸ਼ਨਾਂ ਵਿੱਚ ਉਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਾਨੂੰਨੀ ਵੈਧਤਾ ਨੂੰ ਚੁਣੌਤੀ ਦਿੱਤੀ ਸੀ। ਇਸ ਦੇ ਨਾਲ ਹੀ ਦਾਅਵਾ ਕੀਤਾ ਸੀ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਹੋਂਦ ਵਿੱਚ ਹੁੰਦਿਆਂ ਦੂਜੇ ਕਮਿਸ਼ਨ ਤੋਂ ਜਾਂਚ ਦਾ ਹੁਕਮ ਨਹੀਂ ਦਿੱਤਾ ਜਾ ਸਕਦਾ ਤੇ ਨਾ ਹੀ ਕਮਿਸ਼ਨ ਪੜਤਾਲ ਕਰ ਸਕਦਾ ਹੈ।
ਯਾਦ ਰਹੇ ਪਟੀਸ਼ਨਾਂ ਖਾਰਜ਼ ਹੋਣ ਮਗਰੋਂ ਸਿੱਟ ਨੇ ਸਾਬਕਾ ਜ਼ਿਲਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੋਰ ਪੁਲਿਸ ਅਫ਼ਸਰਾਂ ਐਸਪੀ ਬਿਕਰਮਜੀਤ ਸਿੰਘ, ਬਾਜਾਖਾਨਾ ਦੇ ਸਾਬਕਾ ਐਸਐਚਓ ਅਮਰਜੀਤ ਸਿੰਘ ਕੁਲਾਰ ਤੇ ਇੰਸਪੈਕਟਰ ਪ੍ਰਦੀਪ ਸਿੰਘ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ।
ਹੁਣ ਇਨ੍ਹਾਂ ਅਫਸਰਾਂ ਨੇ ਬੁੱਧਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਹਾਈਕੋਰਟ ਦੇ ਸਿੰਗਲ ਜੱਜ ਬੈਂਚ ਵੱਲੋਂ ਇਸੇ ਸਾਲ 24 ਜਨਵਰੀ ਨੂੰ ਉਨ੍ਹਾਂ ਦੀਆਂ ਰਿੱਟਾਂ ਖਾਰਜ ਕਰਨ ਸਬੰਧੀ ਦਿੱਤੇ ਫੈ਼ਸਲੇ ਉੱਪਰ ਮੁੜ ਗੌਰ ਕੀਤੀ ਜਾਵੇ। ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਸ਼ੁੱਕਰਵਾਰ ਨੂੰ ਇਸ ਮਾਮਲੇ ’ਤੇ ਸੁਣਵਾਈ ਕਰ ਸਕਦੇ ਹਨ।