ਮੁਕਤਸਰ ਸਾਹਿਬ: ਨੇੜਲੇ ਪਿੰਡ ਖਿੜਕੀਆਂ ਵਾਲਾ ਵਿੱਚੋਂ ਅੱਜ ਸਵੇਰੇ ਪਿੰਡ ਦੇ ਬਾਹਰ ਫਿਰਨੀ ਨੇੜੇ ਸੇਮ ਨਾਲੇ ਕੋਲੋਂ ਪਿੰਡ ਦੇ ਲੋਕਾਂ ਵੱਲੋਂ ਸੁਖਮਨੀ ਸਾਹਿਬ ਦੇ ਅੰਗ ਖਿੱਲਰੇ ਹੋਏ ਦੇਖੇ। ਇਸ ਦੀ ਸੂਚਨਾ ਤੁਰੰਤ ਪਿੰਡ ਵਾਸੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੁਕਤਸਰ ਪੁਲਿਸ ਨੂੰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।   ਇਸ ਮੌਕੇ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਮੈਨੇਜਰ ਵੀ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉਪਰ ਪਹੁੰਚੇ ਤੇ ਸੁਖਮਨੀ ਸਾਹਿਬ ਦੇ ਖਿੱਲਰੇ ਹੋਏ ਅੰਗਾਂ ਨੂੰ ਇਕੱਠਾ ਕਰਕੇ ਫਿਰ ਤੋਂ ਪੋਥੀ ਸਾਹਿਬ ਵਿੱਚ ਜੋੜ ਕੇ ਰੱਖ ਕੇ ਗੁਰਦੁਆਰਾ ਸਾਹਿਬ ਵਿੱਚ ਰਖਵਾ ਦਿੱਤੇ। ਮੌਕੇ ਉਪਰ ਪੁੱਜੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਇਹ ਕਿਸੇ ਦੀ ਸ਼ਰਾਰਤ ਹੈ ਜਾਂ ਫਿਰ ਕਿਸੇ ਨੇ ਸੁਖਮਨੀ ਸਾਹਿਬ ਦੀ ਜਾਣਬੁੱਝ ਕੇ ਪਾੜ ਕੇ ਪਿੰਡ ਦੇ ਬਾਹਰ ਸੁੱਟੇ ਹਨ, ਇਸ ਬਾਰੇ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ।