ਚੰਡੀਗੜ੍ਹ: ਪੰਜਾਬੀ ਮਹਿਲਾ ਗਾਇਕ ਹਾਰਡ ਕੌਰ ਵੱਲੋਂ ਖਾਲਿਸਤਾਨ ਦੀ ਹਮਾਇਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੀਤੀ ਬਿਆਨਬਾਜ਼ੀ ਤੋਂ ਸ਼੍ਰੋਮਣੀ ਅਕਾਲੀ ਦਲ ਔਖਾ ਹੈ। ਹਾਰਡ ਕੌਰ ਦਾ ਅੱਜ ਟਵਿੱਟਰ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਾਰਡ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਅਪਮਾਨਜਨਕ ਭਾਸ਼ਾ ਵਰਤੀ ਹੈ। ਇਹੋ ਜਿਹੀ ਹਰਕਤ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।


ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਧਮਕੀਆਂ ਦੇਣ ਵਾਲੀ ਭਾਸ਼ਾ ਵਰਤੀ ਹੈ ਤੇ ਹਾਰਡ ਕੌਰ ਦੀ ਕਾਰਵਾਈ ਨਾਲ ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਅਜਿਹੀਆਂ ਵੀਡੀਓਜ਼ ਪੋਸਟ ਕਰ ਦਿੰਦੇ ਹਨ ਜੋ ਕਿ ਸਿੱਖਾਂ ਦੀ ਵਿਚਾਰਧਾਰਾ ਜੋ ਗੁਰੂ ਸਾਹਿਬਾਨ ਵੱਲੋਂ ਦਰਸਾਈ ਹੈ, ਦੇ ਅਨੁਸਾਰ ਨਹੀਂ ਹੁੰਦੀ।

ਕਾਬਲੇਗੌਰ ਹੈ ਕਿ ਰੈਪਰ ਹਾਰਡ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਹਾਰਡ ਕੌਰ ਨੇ ਦੋਵਾਂ ਨੂੰ ‘ਡਰਪੋਕ’ ਕਿਹਾ ਹੈ। ਹਾਰਡ ਕੌਰ ਨੇ ਖਾਲਿਸਤਾਨ ਪੱਖੀਆਂ ਨਾਲ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਉਸ ਨੇ ਭਾਰਤ ਤੋਂ ਵੱਖ ਖਾਲਿਸਤਾਨ ਦੀ ਮੰਗ ਕੀਤੀ ਹੈ।


ਵੀਡੀਓ ‘ਚ ਉਸ ਨੇ ਕਿਹਾ, “ਇਹ ਸਾਡਾ ਹੱਕ ਹੈ, ਜਿਸ ਨੂੰ ਅਸੀਂ ਲੈ ਕੇ ਰਹਾਂਗੇ। ਇਹ ਵਾਲਾ 15 ਅਗਸਤ ਸਿੱਖਾਂ ਲਈ ਆਜ਼ਾਦੀ ਦਿਹਾੜਾ ਨਹੀਂ ਤੇ ਇਸ ਲਈ ਅਸੀਂ 15 ਅਗਸਤ ਨੂੰ ਸਾਰੇ ਖਾਲਿਸਤਾਨੀ ਝੰਡੇ ਲਹਿਰਾਵਾਂਗੇ।”


ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਹਾਰਡ ਕੌਰ ਨੇ ਕੋਈ ਵਿਵਾਦਤ ਬਿਆਨ ਦਿੱਤਾ ਹੋਵੇ। ਉਹ ਇਸ ਤੋਂ ਪਹਿਲਾਂ ਵੀ ਕਈ ਨੇਤਾਵਾਂ ਲਈ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰ ਚੁੱਕੀ ਹੈ। ਹਾਰਡ ਕੌਰ ਨੇ ਹਾਲ ਹੀ ‘ਚ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਅੱਤਵਾਦੀ ਕਿਹਾ ਸੀ।