ਅੰਮ੍ਰਿਤਸਰ/ਬਰਨਾਲਾ: ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ ਵੱਲੋਂ ਬਾਬਾ ਸਾਹਿਬ ਅੰਬੇਦਕਰ ਵੱਲੋਂ ਲਿਖੇ ਮਹਾਨ ਭਾਰਤੀ ਸੰਵਿਧਾਨ ਖਿਲਾਫ ਬੋਲੇ ਅਪਸ਼ਬਦਾਂ ਕਾਰਨ ਅੱਜ ਹਲਕਾ ਦੱਖਣੀ ਵਿਖੇ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਸੁਲਤਾਵਿੰਡ ਗੇਟ ਵਿਖੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ ਕੀਤਾ ਗਿਆ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਸੁਰਜੀਤ ਸਿੰਘ ਭੈਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਕਸਰ ਹੀ ਪੰਜਾਬ ਨੂੰ ਨੁਕਸਾਨ ਪੁਚਾਉਣ ਤੇ ਬਦਨਾਮ ਕਰਨ ਲਈ ਕੋਝੀਆਂ ਚਾਲਾਂ ਚੱਲਦੇ ਰਹੇ ਹਨ। ਅੱਜ ਉਨ੍ਹਾਂ ਦੀ ਪਾਰਟੀ ਦੀ ਆਗੂ ਅਨਮੋਲ ਗਗਨ ਨੇ ਭਾਰਤ ਦੇ ਸੰਵਿਧਾਨ ਬਾਰੇ ਗ਼ਲਤ ਸ਼ਬਦਵਾਲੀ ਦੀ ਵਰਤੋਂ ਕਰਕੇ ਸੰਵਿਧਾਨ ਵਿੱਚ ਆਰਟੀਕਲ 51ਏ ਵਿੱਚ ਦਰਜ ਦੇਸ਼ ਦੇ ਨਾਗਰਿਕਾਂ ਦੇ ਮੁੱਢਲੇ ਫਰਜ਼ਾਂ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਖ਼ਿਲਾਫ਼ ਬੋਲਣ ਲਈ ਆਪ ਦੀ ਬੜਬੋਲੀ ਨੇਤਾ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਦੀ ਨਸ਼ੇੜੀ ਕਹਿ ਕੇ ਪੰਜਾਬ ਨੂੰ ਸਾਰੀ ਦੁਨੀਆਂ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਮੁੱਦਾ ਨਹੀਂ ਜਿਸ ਤੇ ਕੇਜਰੀਵਾਲ ਨੇ ਪੰਜਾਬ ਨਾਲ ਗੱਦਾਰੀ ਨਾ ਕੀਤਾ ਕੀਤੀ ਹੋਵੇ, ਚਾਹੇ ਉਹ ਪਾਣੀਆਂ ਦਾ ਮਸਲਾ ਹੋਵੇ, ਚਾਹੇ ਉਹ ਥਰਮਲ ਪਲਾਂਟਾਂ ਦਾ ਹੋਵੇ, ਚਾਹੇ ਉਹ ਕਿਸਾਨਾ ਵੱਲੋਂ ਆਪਣੀ ਫਸਲ ਦੀ ਪਰਾਲੀ ਨੂੰ ਲਾਈ ਜਾਂਦੀ ਅੱਗ ਦਾ ਹੋਵੇ। ਹਰ ਇੱਕ ਮਸਲੇ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਕਦੇ ਬਰਦਾਸ਼ਤ ਨਹੀ ਕਰੇਗੀ।
ਇਸ ਦੇ ਨਾਲ ਹੀ ਪੰਜਾਬ ਦੇ ਬਰਨਾਲਾ 'ਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਕਚਹਿਰੀ ਚੌਂਕ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਗਾਇਕਾ ਤੇ ਆਪ ਆਗੂ ਅਨਮੋਲ ਗਗਨ ਮਾਨ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅਨਮੋਲ ਗਗਨ ਮਾਨ ਤੇ ਸੰਵਿਧਾਨ ਪ੍ਰਤੀ ਗਲਤ ਬੋਲਣ ਦੇ ਦੋਸ਼ ਲਗਾਏ।
ਇਹ ਵੀ ਪੜ੍ਹੋ: Supreme Court ਦਾ ਕੇਂਦਰ ਨੂੰ ਸਵਾਲ! ਆਜ਼ਾਦੀ ਦੇ 75 ਸਾਲ ਮਗਰੋਂ ਵੀ ਅੰਗਰੇਜ਼ਾਂ ਵੇਲੇ ਦੇ ਦੇਸ਼ ਧ੍ਰੋਹ ਕਾਨੂੰਨ ਦੀ ਕੀ ਲੋੜ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904