Charter aircraft hiring  : ਭਗਵੰਤ ਮਾਨ ਸਰਕਾਰ ਜਹਾਜ਼ ਭਾੜੇ ’ਤੇ ਲੈਣ ਲਈ ਟੈਂਡਰ ਜਾਰੀ ਕਰਨ ਮਗਰੋਂ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ’ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਲਈ ਹਵਾਈ ਜਹਾਜ਼ ਕਿਰਾਏ ’ਤੇ ਲੈਣ ਤੇ ਉਨ੍ਹਾਂ ਦੇ ਹਵਾਈ ਸਫ਼ਰ ’ਤੇ ਕਰੋੜਾਂ ਰੁਪਏ ਖਰਚਣ ਦਾ ਦੋਸ਼ ਲਾਇਆ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ।

ਡਾ. ਚੀਮਾ ਨੇ ਕਿਹਾ ਕਿ ਭੁਗੋਲਿਕ ਖੇਤਰ ਦੇ ਹਿਸਾਬ ਨਾਲ ਪੰਜਾਬ ਵਿੱਚ ਫਿਕਸ ਵਿੰਗ ਵਾਲੇ ਹਵਾਈ ਜਹਾਜ਼ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਜਹਾਜ਼ ਦੀ ਵਰਤੋਂ ਹੋਰਨਾਂ ਰਾਜਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਚੋਣ ਪ੍ਰਚਾਰ ਵਾਸਤੇ ਕੀਤੀ ਜਾਵੇਗੀ। ਯਾਦ ਰਹੇ ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ ਇੱਕ ਸਾਲ ਲਈ ਅੱਠ ਤੋਂ ਦਸ ਸੀਟਾਂ ਵਾਲਾ ਏਅਰਕ੍ਰਾਫਟ ਕਿਰਾਏ ’ਤੇ ਲੈਣ ਵਾਸਤੇ ਟੈਂਡਰ ਮੰਗੇ ਹਨ। ਪੰਜਾਬ ਸਰਕਾਰ ਕੋਲ ਪਹਿਲਾਂ ਆਪਣਾ ਸਰਕਾਰੀ ਹੈਲੀਕਾਪਟਰ ਵੀ ਹੈ।


ਇਹ ਵੀ ਪੜ੍ਹੋ : Drug Racket Cases : ਡਰੱਗਜ਼ ਰੈਕੇਟ ਮਾਮਲੇ 'ਚ ਮੋਗਾ ਰੇਡ ਕਰਨ ਗਈ ਪੁਲਿਸ 'ਤੇ ਤਸਕਰਾਂ ਨੇ ਚਲਾਈ ਗੋਲੀ, ਕਾਂਸਟੇਬਲ ਜ਼ਖਮੀ

ਉਧਰ, ਸ਼ਹਿਰੀ ਹਵਾਬਾਜ਼ੀ ਵਿਭਾਗ ਮੁਤਾਬਕ ਪੰਜਾਬ ਸਰਕਾਰ ਨੂੰ ਭਾੜੇ ’ਤੇ ਜਹਾਜ਼ ਲੈਣ ਦੀ ਜ਼ਰੂਰਤ ਸੀ, ਜਿਸ ਕਰਕੇ ਟੈਂਡਰ ਮੰਗੇ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਕੋਲ ਆਪਣਾ ਹੈਲੀਕਾਪਟਰ ਹੈ ਤਾਂ ਕਿਰਾਏ ’ਤੇ ਹੋਰ ਜਹਾਜ਼ ਲੈਣ ਦੀ ਕੀ ਲੋੜ ਹੈ। ਇਸੇ ਤਰ੍ਹਾਂ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਖ਼ਜ਼ਾਨੇ ਦਾ ਪੈਸਾ ਸਿਆਸੀ ਹਿਤਾਂ ਲਈ ਵਰਤਿਆ ਜਾ ਰਿਹਾ ਹੈ। ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਕੇਜਰੀਵਾਲ ਦੇ ਹੁਕਮਾਂ ’ਤੇ ਸਰਕਾਰ ਭਾੜੇ ’ਤੇ ਜਹਾਜ਼ ਲੈ ਰਹੀ ਹੈ।


ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੁਣ ਵੀਆਈਪੀ ਦੀ ਸੇਵਾ ਲਈ ਇੱਕ ਸਾਲ ਦੀ ਮਿਆਦ ਲਈ ਲੀਜ਼ 'ਤੇ ਇੱਕ ਫਿਕਸਡ ਵਿੰਗ ਏਅਰਕ੍ਰਾਫਟ ਡੈਸਾਲਟ ਫਾਲਕਨ 2000 ਕਿਰਾਏ 'ਤੇ ਲੈਣ ਬਾਰੇ ਵਿਚਾਰ ਕਰ ਰਹੀ ਹੈ। ਪੰਜਾਬ ਸਰਕਾਰ ਇਸ ਸਮੇਂ ਆਪਣੇ ਬੇਲ 429 ਹੈਲੀਕਾਪਟਰ ਦੀ ਵਰਤੋਂ ਕਰ ਰਹੀ ਹੈ, ਜੋ ਕਿ ਇੱਕ 5 ਸੀਟਾ ਵਾਲਾ ਹੈਲੀਕਾਟਰ ਹੈ। ਇਸ ਨੂੰ ਸਰਕਾਰ ਵੱਲੋਂ 38 ਕਰੋੜ ਰੁਪਏ ਦੀ ਕੀਮਤ ਨਾਲ 2012 ਵਿੱਚ ਖਰੀਦਿਆ ਗਿਆ ਸੀ।