ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਕਰਨ ਵਾਲੀ ਐਸਆਈਟੀ ਦੇ ਅਫ਼ਸਰ ਕੁੰਵਰ ਵਿਜੈ ਪ੍ਰਤਾਪ ਉੱਤੇ ਸਿਆਸੀ ਪ੍ਰੋਪੇਗੰਡਾ ਕਰਨ ਦੇ ਇਲਜ਼ਾਮ ਲਾਏ ਹਨ। ਪਾਰਟੀ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪਰਕਾਸ਼ ਸਿੰਘ ਬਾਦਲ ਖ਼ਿਲਾਫ਼ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੰਮਨ ਭੇਜੇ ਜਾਣ ਦੇ ਬਾਵਜੂਦ ਦੋਵੇਂ ਬਾਦਲ ਜਾਂਚ ਵਿੱਚ SIT ਦਾ ਪੂਰਾ ਸਹਿਯੋਗ ਦੇਣਗੇ। ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਸਿਆਸੀ ਡਿਕਟੇਸ਼ਨ ’ਤੇ ਕੰਮ ਕਰ ਰਹੇ ਹਨ। ਅਕਾਲੀ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਬਲਵਿੰਦਰ ਭੂੰਦੜ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਈਜੀ ਦੇ ਬੋਲਣ ਦੇ ਢੰਗ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹੈਨ।

ਇਹ ਵੀ ਪੜ੍ਹੋ- ਬਾਦਲਾਂ ਦੀ SIT ਅੱਗੇ ਪੇਸ਼ੀ ਮਗਰੋਂ ਹੋਏਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ !

ਦੋਵਾਂ ਅਕਾਲੀ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਸੀਨੀਅਰ ਪੁਲਿਸ ਅਫ਼ਸਰ ਵਿਜੈ ਪ੍ਰਤਾਪ ਆਪਣੇ ‘ਸਿਆਸੀ ਬੌਸ’ ਦੀ ਬੋਲੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸ਼ਾਇਦ ਇਹ ਭੁੱਲ ਗਏ ਹਨ ਕਿ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਿਟ ਵੱਲੋਂ ਮੁਲਜ਼ਮ ਕਰਾਰ ਨਹੀਂ ਕੀਤੇ ਗਏ, ਉਨ੍ਹਾਂ ਨੂੰ ਸਿਰਫ ਗਵਾਹ ਦੇ ਤੌਰ ’ਤੇ ਪੇਸ਼ ਹੋ ਰਹੇ ਹਨ।

ਇਹ ਵੀ ਪੜ੍ਹੋ- ਬਾਦਲਾਂ ਨੂੰ ਭੇਜੇ ਸੰਮਨਾਂ 'ਤੇ ਬੋਲੇ ਕੈਪਟਨ ਅਮਰਿੰਦਰ

ਕੁੰਵਰ ਵਿਜੈ ਪ੍ਰਤਾਪ ਵੱਲੋਂ ਪਰਕਾਸ਼ ਸਿੰਘ ਬਾਦਲ ਨੂੰ z+ ਸਿਉਰਟੀ ਤੇ ਵਾਹਨ ਮੁਹੱਈਆ ਕਰਾਏ ਜਾਣ ਦੀ ਗੱਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਵਿੱਚੋਂ ਕਿਸੇ ਨੇ ਵੀ ਸੁਰੱਖਿਆ ਜਾਂ ਇਸ ਨਾਲ ਸਬੰਧਿਤ ਚੀਜ਼ਾਂ ਦੀ ਕਦੀ ਮੰਗ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇ ਅਫ਼ਸਰ ਨੂੰ ਲੱਗਦਾ ਹੈ ਕਿ ਬਾਦਲਾਂ ਨੇ ਗਲਤ ਤਰੀਕੇ ਨਾਲ ਇਹ ਸੁਰੱਖਿਆ ਹਥਿਆਈ ਹੈ ਤਾਂ ਉਹ ਸੁਰੱਖਿਆ ਵਾਪਸ ਲੈਣ ਦੀ ਸਿਫਾਰਿਸ਼ ਕਰ ਸਕਦੇ ਹਨ।