ਸਭ ਤੋਂ ਅਹਿਮ ਗੱਲ ਇਹ ਰਹੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਦੇ ਬਾਗੀ ਹੋਣ 'ਤੇ ਗੁਰਬਚਨ ਸਿੰਘ ਕਰਮੂਵਾਲਾ ਨੂੰ ਅਕਾਲੀ ਦਲ ਦਾ ਸਾਥ ਦੇਣ ਕਰਕੇ ਵੱਡਾ ਅਹੁਦਾ ਮਿਲਿਆ ਹੈ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਸੁਖਬੀਰ ਬਾਦਲ ਨੇ ਇਹ ਕਦਮ ਖਡੂਰ ਸਾਹਿਬ ਹਲਕੇ ਵਿੱਚ ਅਕਾਲੀ ਦਲ ਦੇ ਹੋ ਰਹੇ ਨੁਕਸਾਨ ਦੀ ਭਰਪਾਈ ਕਰਨ ਲਈ ਚੁੱਕਿਆ ਹੈ। ਯਾਦ ਰਹੇ ਗੁਰਬਚਨ ਸਿੰਘ ਕਰਮੂਵਾਲਾ ਕਦੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਪ੍ਰਛਾਵਾਂ ਮੰਨੇ ਜਾਂਦੇ ਸੀ।
ਇਸ ਤੋਂ ਇਲਾਵਾ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਹੀ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਮ ਦੀ ਤਾਈਦ ਕੀਤੀ ਪਰ ਉਹ ਆਪਣੀ ਕਾਰਵਾਈ ਪਾਉਣ ਮਗਰੋਂ ਇੱਕ ਮਿੰਟ ਵੀ ਫ਼ਾਲਤੂ ਨਹੀਂ ਰੁਕੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ ਵੀ ਗ਼ੈਰ ਹਾਜ਼ਰ ਰਹੇ। ਬੀਬੀ ਜਗੀਰ ਕੌਰ ਵੀ ਬਹੁਤੇ ਖੁਸ਼ ਨਜ਼ਰ ਨਹੀਂ ਆਏ।
ਦਰਅਸਲ ਸੁਖਬੀਰ ਬਾਦਲ ਨੇ ਸਭ ਨੂੰ ਨਾਲ ਲੈ ਕੇ ਚੱਲਣ ਦਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਕੁਝ ਨਵੇਂ ਚਹਿਰੇ ਵੀ ਸ਼ਾਮਲ ਕੀਤੇ ਗਏ ਹਨ। ਇਸ ਨਾਲ ਕੁਝ ਪੁਰਾਣੇ ਚਿਹਰਿਆਂ 'ਤੇ ਉਦਾਸੀ ਜ਼ਰੂਰ ਨ਼ਰ ਆਈ ਕਿਉਂਕਿ ਉਹ ਅਹੁਦਿਆਂ 'ਤੇ ਨਜ਼ਰ ਲਾਈ ਬੈਠੇ ਸੀ।