ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਸਰਕਾਰ ਤੇ ਨਾਲ ਹੀ ਰਾਜ ਸਰਕਾਰਾਂ ਨੂੰ ਆਖਿਆ ਕਿ ਉਹ ਆਮ ਸਹਿਮਤੀ ਤੇ ਉਸਾਰੂ ਸਮਝੌਤੇ ਦੀ ਨੀਤੀ ਦੀ ਪਾਲਣਾ ਕਰਨ ਨਾ ਕਿ ਸੰਵਦੇਨਸ਼ੀਲ ਮੁੱਦਿਆਂ 'ਤੇ ਸਿੱਧੇ ਰਾਸ਼ਟਰੀ ਟਕਰਾਅ ਦੀ ਨੀਤੀ ਅਪਣਾਉਣ।ਉਹਨਾਂ ਕਿਹਾ ਕਿ ਦੇਸ਼ ਦੀ ਸਰਕਾਰ ਦੀ ਅਸਹਿਣਸ਼ੀਲ ਪਹੁੰਚ ਕਾਰਨ ਦੇਸ਼ ਦਾ ਅਕਸ ਨਹੀਂ ਵਿਗੜਨਾ ਚਾਹੀਦਾ।

ਅਕਾਲੀ ਦਲ ਦੇ ਸੀਨੀਅਰ ਆਗੂ ਨੇ ਕੱਲ ਰਾਤ ਚੰਡੀਗੜ ਪੁਲਿਸ ਵੱਲੋਂ ਅਕਾਲੀ ਵਰਕਰਾਂ ਖਾਸ ਤੌਰ 'ਤੇ ਸ਼ਾਂਤੀਪੂਰਨ ਰੋਸ ਵਿਖਾਵਾ ਕਰ ਰਹੇ ਕਿਸਾਨਾਂ ਖਿਲਾਫ ਧੱਕੇਸ਼ਾਹੀ ਕਰਨ ਨੂੰ ਬਹੁਤ ਹੀ ਹੈਰਾਨੀਜਨਕ ਦੱਸਿਆ ਹੈ। ਉਨ੍ਹਾਂ ਪੁਲਿਸ ਦੀ ਕਾਰਵਾਈ ਨੂੰ ਬੇਲੋੜੀਂਦੀ ਕਾਰਵਾਈ ਕਰਾਰ ਦਿੱਤਾ । ਉਹਨਾਂ ਕਿਹਾ ਕਿ ਵਿਖਾਵਾਕਾਰੀਆਂ ਦੇ ਵਿਹਾਰ ਤੇ ਮੰਗਾਂ ਵਿਚ ਕੁਝ ਵੀ ਗੈਰ ਸੰਵਿਧਾਨਕ ਜਾਂ ਗਲਤ ਨਹੀਂ ਹੈ। ਉਹਨਾਂ ਕਿਹਾ ਕਿ ਸ਼ਾਂਤੀਪੂਰਨ ਲੋਕਤੰਤਰੀ ਤਰੀਕੇ ਨਾਲ ਆਪਣੀ ਗੱਲ ਸੁਣਾਉਣਾ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ।

ਬਾਦਲ ਨੇ ਕਿਹਾ ਕਿ ਸਾਰੇ ਸੂਬੇ ਵਿਚ ਕੱਲ ਇਸ ਗੱਲ ਦਾ ਉਤਸ਼ਾਹ ਸੀ ਕਿ ਕਸੂਤੀ ਫਸੀ ਕਿਸਾਨੀ ਦੇ ਹੱਕ ਵਿਚ ਅਕਾਲੀ ਲਹਿਰ ਅਸਲ ਵਿਚ ਪੰਥਕ ਲਹਿਰ ਬਣ ਗਈ ਹੈ। ਉਹਨਾਂ ਕਿਹਾ ਕਿ ਜੋ ਲੋਕਤੰਤਰੀ ਪੰਥਕ ਰਵਾਇਤਾਂ ਦੀ ਗੱਲ ਕਰਦੇ ਹਨ, ਉਹਨਾਂ ਲਈ ਇਹ ਵੇਖਣ ਵਾਲਾ ਵੱਡਾ ਮੌਕਾ ਸੀ।
ਜਾਰੀ ਕੀਤੇ ਇਕ ਬਿਆਨ ਵਿਚ ਦੇਸ਼ ਦੇ ਸਭ ਤੋਂ ਸੀਨੀਅਰ ਸਿਆਸਤਦਾਨ ਨੇ ਸਰਕਾਰ ਨੂੰ ਚੇਤੇ ਕਰਵਾਇਆ ਕਿ ਆਮ ਸਹਿਮਤੀ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਟਕਰਾਅ ਖਾਸ ਤੌਰ 'ਤੇ ਜਦੋਂ ਹਿੰਸਕ ਟਕਰਾਅ ਬਣ ਜਾਵੇ ਤਾਂ ਫਿਰ ਉਹ ਦੇਸ਼ ਲਈ ਖ਼ਤਰਨਾਕ ਤੇ ਨੁਕਸਾਨਦੇਹ ਹੋ ਸਕਦਾ ਹੈ।ਜਿਸ ਨਾਲ ਸਾਡੀ ਅਮੀਰ ਵਿਭਿੰਨਤਾ ਦਾ ਮਾਣ ਸਨਮਾਨ ਵੀ ਗੁਆਚ ਜਾਂਦਾ ਹੈ।

ਉਹਨਾਂ ਕਿਹਾ ਕਿ ਸਾਡੀ ਵਿਭਿੰਨਤਾ ਦੀ ਹਰ ਹਾਲਤ ਵਿਚ ਨਾ ਸਿਰਫ ਰਾਖੀ ਕੀਤੀ ਜਾਣੀ ਚਾਹਿਦੀ ਹੈ ਪਰ ਹਰ ਵਿਅਕਤੀ ਜੋ ਸਾਡੇ ਦੇਸ਼ ਦੀ ਕਿਸਮਤ ਬਦਲਣ ਲੱਗਿਆ ਹੋਇਆ ਹੈ, ਉਸਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਬਾਦਲ ਨੇ ਜ਼ੋਰ ਦੇਕੇ ਕਿਹਾ ਕਿ ਅਸਲ ਸਹਿਕਾਰੀ ਸੰਘਵਾਦ ਦੇ ਸਨਮਾਨ ਦੀ ਜ਼ਰੂਰਤ ਇਕ ਪਾਸੇ ਹੈ ਜਦਕਿ ਲੋਕਤੰਤਰੀ ਬਗਾਵਤ ਦੂਸਰੇ ਪਾਸੇ ਹੈ। ਉਹਨਾਂ ਕਿਹਾ ਕਿ ਸਾਡੀ ਧਾਰਮਿਕ, ਭਾਸ਼ਾਈ, ਖੇਤਰੀ ਤੇ ਸਿਆਸੀ ਵਿਭਿਨੰਤਾ ਲਈ ਸਿਹਤਮੰਦ ਮਾਣ ਸਤਿਕਾਰ ਸਾਡੇ ਸੰਵਿਧਾਨ ਦਾ ਧੁਰਾ ਹੈ ਅਤੇ ਸਿਰਫ ਲੋਕਤੰਤਰੀ ਤੇ ਸੰਘੀ ਪਹੁੰਚ ਹੀ ਸਾਨੂੰ ਵਿਸ਼ਵ ਦਾ ਸਿਆਸੀ, ਆਰਥਿਕ ਤੇ ਨੈਤਿਕ ਆਗੂ ਬਣਾ ਸਕਦੇ ਹਨ।