ਅੰਮ੍ਰਿਤਸਰ: ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦਾ ਇਤਿਹਾਸਕ ਮੇਲਾ ਬੜੀ ਸ਼ਰਧਾ ਨਾਲ ਸੰਗਤ ਵੱਲੋਂ ਮਨਾਇਆ ਗਿਆ। ਇਸ ਮੌਕੇ ਮੁੱਖ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਸਟੇਜਾਂ ਲਾਈਆਂ ਗਈਆਂ। ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਇੱਕ-ਦੂਜੇ ਖਿਲਾਫ ਜੰਮ ਕੇ ਸਿਆਸੀ ਦੂਸ਼ਣਬਾਜ਼ੀ ਕੀਤੀ। ਹਾਲਾਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਹਿਲਾਂ ਹੀ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਧਾਰਮਿਕ ਮੇਲਿਆਂ 'ਤੇ ਸਿਆਸੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ ਪਰ ਆਪਣੀਆਂ ਸਿਆਸੀ ਕਿੜਾਂ ਕੱਢਣ ਦੀ ਖਾਤਰ ਕੋਈ ਵੀ ਲੀਡਰ ਉਨ੍ਹਾਂ ਦੇ ਆਦੇਸ਼ ਨੂੰ ਮੰਨਦਾ ਨਜ਼ਰ ਨਹੀਂ ਆਇਆ।   ਅਕਾਲੀ ਦਲ ਦੀ ਕਾਨਫਰੰਸ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਛਾਇਆ ਰਿਹਾ। ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਕਾਂਗਰਸ 'ਤੇ ਇਲਜ਼ਾਮ ਲਾਇਆ ਕਿ ਰਣਜੀਤ ਸਿੰਘ ਕਮਿਸ਼ਨ ਜ਼ਰੀਏ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤਾਂ ਉਨ੍ਹਾਂ ਵੱਲੋਂ ਬਣਾਏ ਗਵਾਹ ਵੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਾਂਗਰਸੀ ਮੰਤਰੀਆਂ ਨੇ ਬਿਆਨ ਦੇਣ ਲਈ ਕਿਹਾ ਸੀ। ਗਵਾਹ ਦੀਆਂ ਕਾਂਗਰਸੀ ਮੰਤਰੀ ਦੇ ਘਰ ਦੀਆਂ ਤਸਵੀਰਾਂ ਜੱਗ ਜ਼ਾਹਿਰ ਹੋ ਚੁੱਕੀਆਂ ਹਨ। ਕਾਂਗਰਸ ਮੁਤਵਾਜ਼ੀ ਜਥੇਦਾਰਾਂ ਨਾਲ ਮਿਲਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡੇਢ ਸਾਲ ਦੇ ਕਾਰਜਕਾਲ ਵਿੱਚ ਆਪਣਾ ਕੋਈ ਵਾਅਦਾ ਪੂਰਾ ਨਹੀਂ ਕਰ ਸਕੀ। ਇਸ ਲਈ ਉਹ ਲੋਕਾਂ ਦਾ ਧਿਆਨ ਇਨ੍ਹਾਂ ਮੁੱਦਿਆਂ ਤੋਂ ਹਟਾਉਣ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਜਦੋਂ ਵੀ ਪੰਜਾਬ ਵਿੱਚ ਸਰਕਾਰ ਬਣੀ ਹੈ, ਸਿੱਖ ਕੌਮ ਨੂੰ ਵੰਡਣ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਰਕਾਰ ਬਣਨ ਤੋਂ ਪਹਿਲਾਂ ਇਸ ਤਰ੍ਹਾਂ ਭੰਡਿਆ ਗਿਆ ਕਿ ਪੰਜਾਬ ਦਾ ਨੌਜਵਾਨ ਨਸ਼ੱਈ ਹੋ ਚੁੱਕਾ ਹੈ। ਇਸ ਤਰ੍ਹਾਂ ਦੇ ਹੋਰ ਝੂਠ ਬੋਲ ਕੇ ਕਾਂਗਰਸ ਸੱਤਾ ਵਿੱਚ ਆਈ ਤੇ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਪੰਜਾਬ ਤਰੱਕੀ ਤੇ ਖੁਸ਼ਹਾਲੀ ਦੀ ਰਾਹ 'ਤੇ ਸੀ। ਅਕਾਲੀ ਭਾਜਪਾ ਵੱਲੋਂ ਚਲਾਈਆਂ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇੱਕ ਵੀ ਅਕਾਲੀ ਵਰਕਰ ਦਾ ਨਾਮ ਉਜਾਗਰ ਕਰੇ ਜਿਸ ਨੇ ਪੰਜਾਬ ਵਿੱਚ ਨਸ਼ਾ ਵੇਚਿਆ ਹੋਵੇ। ਅਕਾਲੀ ਦਲ 'ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਜਦੋਂਕਿ ਕੌਮ ਲਈ ਕੁਰਬਾਨੀਆਂ ਅਕਾਲੀ ਦਲ ਨੇ ਦਿੱਤੀਆਂ ਹਨ। ਕਾਂਗਰਸ ਸਰਕਾਰ ਦੇ ਮੰਤਰੀ ਮੁਤਵਾਜ਼ੀ ਜਥੇਦਾਰਾਂ ਨੂੰ ਬਰਗਾੜੀ ਦੇ ਧਰਨੇ ਵਿੱਚ ਮਿਲਦੇ ਹਨ ਤੇ ਸਲਾਹ ਦਿੰਦੇ ਹਨ। ਮੁਤਵਾਜ਼ੀ ਜਥੇਦਾਰਾਂ ਨੂੰ ਆਈਐਸਆਈ ਤੇ ਵਿਦੇਸ਼ਾਂ ਤੋਂ ਵਿੱਤੀ ਸਹਾਇਤਾ ਉਨ੍ਹਾਂ ਦੇ ਖਾਤਿਆਂ ਵਿੱਚ ਆਉਂਦੀ ਹੈ। ਅਕਾਲੀ ਦਲ ਜਲਦ ਹੀ ਇਸ ਬਾਰੇ ਖੁਲਾਸਾ ਕਰੇਗਾ।